ਸਮਰਾਲਾ (ਵਿਪਨ) : ਸਮਰਾਲਾ ਦੇ ਪਿੰਡ ਉਟਾਲਾਂ 'ਚ ਬੀਤੀ ਸ਼ਾਮ ਇਕ ਦੁਕਾਨ ਅੰਦਰ ਸਮਾਨ ਲੈਣ ਆਏ 3 ਨੌਜਵਾਨਾਂ ਵਲੋਂ ਬਜ਼ੁਰਗ ਦੁਕਾਨਦਾਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਇਸ ਲੁੱਟ ਦਾ ਦੁਕਾਨਦਾਰ ਨੂੰ ਕਰੀਬ 2 ਘੰਟੇ ਬਾਅਦ ਪਤਾ ਲੱਗਿਆ, ਜਦੋਂ ਉਹ ਸਾਰੇ ਦਿਨ ਦੀ ਸੇਲ ਨੂੰ ਚੈੱਕ ਕਰ ਰਿਹਾ ਸੀ। ਉਸ ਸਮੇਂ ਦੁਕਾਨਦਾਰ ਨੂੰ ਪਤਾ ਲੱਗਿਆ ਕਿ ਉਸ ਦੇ ਗੱਲੇ ਵਿੱਚੋਂ 50 ਹਜ਼ਾਰ ਰੁਪਏ ਗਾਇਬ ਹਨ ਤਾਂ ਇਸ ਦੀ ਸੂਚਨਾ ਸਮਰਾਲਾ ਪੁਲਸ ਨੂੰ ਦਿੱਤੀ ਗਈ।
ਦੁਕਾਨਦਾਰ ਨੇ ਦੁਕਾਨ ਦੇ ਅੰਦਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਇਸ ਘਟਨਾ ਬਾਰੇ ਪਤਾ ਲੱਗਿਆ। ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਨੂੰ ਉਹ ਆਪਣੀ ਦੁਕਾਨ 'ਤੇ ਆਪਣੇ ਪਿਤਾ ਜਸਵੰਤ ਸਿੰਘ ਨੂੰ ਬਿਠਾ ਕੇ ਕਿਤੇ ਕੰਮ ਗਿਆ ਹੋਇਆ ਸੀ ਤਾਂ ਪਿੱਛੋਂ ਤਿੰਨ ਨੌਜਵਾਨ ਸਮਾਨ ਲੈਣ ਲਈ ਦੁਕਾਨ 'ਚ ਆਏ ਅਤੇ ਸਮਾਨ ਲੈ ਕੇ ਪੈਸੇ ਦੇ ਦਿੱਤੇ। ਫਿਰ ਉਨ੍ਹਾਂ ਨੇ ਦੁਬਾਰਾ ਸਮਾਨ ਮੰਗਿਆ ਤਾਂ ਪਿਤਾ ਨੂੰ ਗੱਲਾਂ 'ਚ ਉਲਝਾ ਕੇ ਗੱਲੇ 'ਚ ਪਏ 50 ਹਜ਼ਾਰ ਰੁਪਏ ਲੁੱਟ ਲਏ। ਬਜ਼ੁਰਗ ਦੁਕਾਨਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ 'ਤੇ ਬੈਠਾ ਸੀ ਅਤੇ ਘਟਨਾ ਵਾਲੀ ਸ਼ਾਮ ਉਸਦਾ ਬੇਟਾ ਨਾਲ ਦੇ ਪਿੰਡੋਂ ਪੇਮੈਂਟ ਲੈਣ ਲਈ ਗਿਆ ਹੋਇਆ ਸੀ ਤਾਂ ਉਹ ਦੁਕਾਨ 'ਤੇ ਉਸ ਸਮੇਂ ਇਕੱਲਾ ਸੀ।
ਤਿੰਨ ਨੌਜਵਾਨ ਕੁੱਝ ਸਮਾਨ ਲੈਣ ਲਈ ਉਸ ਦੀ ਦੁਕਾਨ 'ਤੇ ਆਏ, ਜਿਨਾਂ ਵਿੱਚੋਂ 2 ਨੌਜਵਾਨ ਦੁਕਾਨ ਅੰਦਰ ਆ ਗਏ ਅਤੇ ਇੱਕ ਬਾਹਰ ਮੋਟਰਸਾਈਕਲ 'ਤੇ ਬੈਠਾ ਰਿਹਾ। ਦੋਹਾਂ ਨੌਜਵਾਨਾਂ ਨੇ ਉਸ ਤੋਂ ਕੁੱਝ ਸਮਾਨ ਮੰਗਿਆ ਅਤੇ 500 ਰੁਪਿਆ ਦੇ ਦਿੱਤਾ। ਜਦੋਂ ਉਸ ਨੇ ਪੈਸੇ ਗੱਲੇ ਵਿੱਚ ਰੱਖੇ ਤਾਂ ਉਨ੍ਹਾਂ ਨੇ ਗੱਲੇ ਵਿੱਚ ਪਈ ਪੇਮੈਂਟ ਨੂੰ ਦੇਖ ਲਿਆ ਅਤੇ ਉਸ ਨੂੰ ਹੋਰ ਸਮਾਨ ਦੇਣ ਲਈ ਉਲਝਾ ਲਿਆ। ਉਸੇ ਦੌਰਾਨ ਨੌਜਵਾਨਾਂ ਨੇ ਗੱਲੇ 'ਚੋਂ 50 ਹਜ਼ਾਰ ਰੁਪਏ ਕੱਢ ਲਏ, ਜਿਸ ਦਾ ਪਤਾ ਤਕਰੀਬਨ 2 ਘੰਟੇ ਬਾਅਦ ਲੱਗਾ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਫਿਲਹਾਲ ਸਮਰਾਲਾ ਪੁਲਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਰਧ ਨਗਨ ਹਾਲਤ 'ਚ ਖ਼ੂਨ ਨਾਲ ਲਥਪੱਥ ਮਿਲੀ ਔਰਤ ਦੀ ਲਾਸ਼
NEXT STORY