ਚੰਡੀਗੜ੍ਹ (ਵੈੱਬ ਡੈਸਕ): ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿਚ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਕੀਤੀ ਗਈ ਬੇਅਦਬੀ ਦੀ ਘਟਨਾ ਦੀ ਨਿਖੇਧੀ ਕਰਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਬੇਅਦਬੀ ਕਰਨ ਵਾਲੇ ਮੁਲਜ਼ਮ ਦੇ ਨਾਲ-ਨਾਲ ਅਜਿਹੀਆਂ ਘਟਨਾਵਾਂ ਦੇ ਮਗਰਲੀਆਂ ਤਾਕਤਾਂ ਲਈ ਵੀ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।
ਆਰ. ਪੀ. ਸਿੰਘ ਨੇ ਕਿਹਾ ਕਿ ਇਹ ਸਿਰਫ਼ ਇਕ ਅਪਰਾਧ ਨਹੀਂ, ਸਗੋਂ ਕਰੋੜਾਂ ਸਿੱਖ ਸ਼ਰਧਾਲੂਆਂ ਦੀ ਆਸਥਾ ਅਤੇ ਮਰਿਆਦਾ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕਾ ਸਾਹਿਬ ਦੇ ਪਵਿੱਤਰ ਸਰੂਪ ਦੀ ਬੇਅਦਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਭਾਜਪਾ ਆਗੂ ਨੇ ਕਿਹਾ ਕਿ ਸਿਰਫ਼ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲੈਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਸ ਮਾਮਲੇ ਦੀ ਪੂਰੀ ਅਤੇ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਦੀ ਮਨਸ਼ਾ ਕੀ ਸੀ? ਉਸ ਨੂੰ ਇਹ ਸਭ ਕਰਨ ਲਈ ਪ੍ਰੇਰਿਤ ਕਿਵੇਂ ਕੀਤਾ ਗਿਆ? ਅਤੇ ਕੀ ਇਸ ਦੇ ਪਿੱਛੇ ਕੋਈ ਸੋਚੀ-ਸਮਝੀ ਸਾਜ਼ਿਸ਼ ਜਾਂ ਸਾਜ਼ਿਸ਼ੀ ਤੰਤਰ ਕੰਮ ਕਰ ਰਿਹਾ ਹੈ?
ਆਰ. ਪੀ. ਸਿੰਘ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿਚ ਸਿਆਸਤ ਨਹੀਂ, ਸਗੋਂ ਜ਼ੀਰੋ ਟੌਲਰੈਂਸ ਦੀ ਨੀਤੀ ਹੋਣੀ ਚਾਹੀਦੀ ਹੈ। ਦੋਸ਼ੀ ਅਤੇ ਜੇਕਰ ਇਸ ਘਟਨਾ ਦੇ ਪਿੱਛੇ ਕੋਈ ਹੋਰ ਵਿਅਕਤੀ ਜਾਂ ਤਾਕਤ ਸ਼ਾਮਲ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਕਾਨੂੰਨ ਅਨੁਸਾਰ ਅਜਿਹੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿ ਭਵਿੱਖ ਵਿਚ ਕੋਈ ਵੀ ਪਵਿੱਤਰ ਗੁਰਧਾਮ ਅਤੇ ਗੁਰੂ ਸਾਹਿਬ ਦੀ ਮਰਿਆਦਾ ਨਾਲ ਖਿਲਵਾੜ ਕਰਨ ਦੀ ਹਿੰਮਤ ਨਾ ਕਰ ਸਕੇ।
5 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
NEXT STORY