ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ)- ਸੋਮਵਾਰ ਨੂੰ ਰੱਖੜੀ ਦਾ ਤਿਉਹਾਰ ਹੈ ਤੇ ਹੁਣ ਤੋਂ ਹੀ ਲੋਕਾਂ ਨੇ ਰੱਖੜੀ ਲਈ ਖ਼ਰੀਦਦਾਰੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਪਰ ਜੇਕਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਸ਼ਹਿਰ ਦੇ ਬਾਜ਼ਾਰਾਂ ’ਤੇ ਕੋਵਿਡ-19 ਦੇ ਨਿਯਮ ਹਾਵੀ ਹਨ ।
ਕੋਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਦਾ ਜੋ ਨਿਯਮ ਬਣਾਇਆ ਗਿਆ ਹੈ, ਇਸਦਾ ਅਸਰ ਸਿੱਧੇ ਤੌਰ 'ਤੇ ਇਸ ਵਾਰ ਰੱਖੜੀ ਦੇ ਤਿਉਹਾਰ 'ਤੇ ਪਿਆ ਹੈ ਕਿਉਂਕਿ ਇਕ ਤਾਂ ਪਹਿਲਾਂ ਹੀ ਐਤਵਾਰ ਦਾ ਦਿਨ ਹੋਣ ਕਰਕੇ ਦੁਕਾਨਾਂ ਅੱਧੀ ਫੀਸਦੀ ਖੁੱਲ੍ਹੀਆਂ, ਦੂਜੇ ਪਾਸੇ ਸਮਾਜਿਕ ਦੂਰੀ ਦੇ ਡਰੋਂ ਲੋਕਾਂ ਦੀ ਦੁਕਾਨਾਂ ਵਿੱਚ ਆਮਦ ਵੀ ਕਾਫ਼ੀ ਘੱਟ ਰਹੀ, ਨਤੀਜੇ ਵਜੋਂ ਦੁਕਾਨਦਾਰਾਂ ਵਿਚ ਨਿਰਾਸ਼ਾ ਸਾਫ਼ ਦਿਖਾਈ ਦਿੱਤੀ । ਜ਼ਿਲਾ ਪ੍ਰਸ਼ਾਸ਼ਨ ਵੱਲੋਂ ਰੱਖੜੀ ਦੇ ਮੱਦੇਨਜ਼ਰ ਮਿਠਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜ਼ਾਜ਼ਤ ਤਾਂ ਭਾਵੇਂ ਪਹਿਲਾ ਹੀ ਦੇ ਦਿੱਤੀ ਗਈ ਸੀ ਪਰ ਰੱਖੜੀਆਂ ਅਤੇ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਦੇਰ ਨਾਲ ਦਿੱਤੀ ਗਈ ਛੋਟ ਕਾਰਨ ਅਜਿਹੇ ਦੁਕਾਨਦਾਰਾਂ ਨੂੰ ਇਸ ਵਾਰ ਦੋਹਰੀ ਮਾਰ ਪਈ ਹੈ । ਕਿਸੇ ਨਾ ਕਿਸੇ ਬਹਾਨੇ ਲਿਆਂਦੀਆਂ ਰੱਖੜੀਆਂ ਦੀ ਵਿਕਰੀ ਕਰਨ ਲਈ ਦੁਕਾਨਦਾਰਾਂ ਨੇ ਕਈ ਫਾਰਮੂਲੇ ਅਪਨਾਏ ਪਰ ਫ਼ਿਰ ਵੀ ਕੋਰੋਨਾ ਕਰਕੇ ਬਾਜ਼ਾਰਾਂ ਵਿਚ ਚਹਿਲ-ਪਹਿਲ ਘੱਟ ਹੋਣ ਕਰਕੇ ਦੁਕਾਨਦਾਰ ਸਾਰਾ ਦਿਨ ਗ੍ਰਾਹਕਾਂ ਨੂੰ ਹੀ ਉਡੀਕਦੇ ਰਹੇ । ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਜ਼ਾਰਾਂ ਰੁਪਏ ਦੀਆਂ ਰੱਖੜੀਆਂ ਇਸ ਵਾਰ ਵਿਕਰੀ ਲਈ ਲਿਆਂਦੀਆਂ ਸਨ ਪਰ ਕੋਰੋਨਾ ਕਰਕੇ ਲੋਕਾਂ ਦੀ ਬਾਜ਼ਾਰਾਂ ਵਿਚ ਆਮਦ ਨਹੀਂ ਹੋ ਰਹੀ, ਦੂਜੇ ਪਾਸੇ ਪਿੰਡਾਂ ਤੋਂ ਸ਼ਹਿਰਾਂ ਵਿੱਚ ਲੋਕਾਂ ਦਾ ਆਉਣਾ ਜਾਣਾ ਵੀ ਘੱਟ ਹੈ, ਇਸ ਕਰਕੇ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ।
ਅਜਿਹਾ ਹੀ ਹਾਲ ਸ਼ਹਿਰ ਦੇ ਹੋਟਲਾਂ ਵਿਚ ਵੇਖਿਆ ਜਾ ਰਿਹਾ ਹੈ। ਹੋਟਲ ਮਾਲਕਾਂ ਤੇ ਛੋਟੇ ਮਿਠਾਈਆਂ ਦੇ ਕਾਰੋਬਾਰੀਆਂ ਨੇ ਕਿਹਾ ਕਿ ਇਕ ਤਾਂ ਕੋਰੋਨਾ ਹਦਾਇਤਾਂ ਕਰਕੇ ਲੋਕ ਘੱਟ ਆ ਰਹੇ ਹਨ ਤੇ ਦੂਜੇ ਪਾਸੇ ਰੁਜ਼ਗਾਰ ਖ਼ਤਮ ਹੋਣ ਕਰਕੇ ਲੋਕਾਂ ਦੀ ਆਰਥਿਕ ਹਾਲਤ ਨਰਮ ਹੈ, ਜਿਸ ਕਰਕੇ ਇਸ ਵਾਰ ਮਿਠਾਈਆਂ ਦੀ ਖ਼ਰੀਦਦਾਰੀ 'ਤੇ ਲੋਕ ਜ਼ਿਆਦਾ ਤਵੱਜੋਂ ਨਹੀਂ ਦੇ ਰਹੇ ਤੇ ਉਨ੍ਹਾਂ ਦਾ ਸਾਰਾ ਮਾਲ ਇਸ ਵਾਰ ਖ਼ਰਾਬ ਹੋਣ ਕਿਨਾਰੇ ਹੈ। ਜੇਕਰ ਔਰਤਾਂ, ਲੜਕੀਆਂ ਘਰੋਂ ਖ਼ਰੀਦਦਾਰੀ ਲਈ ਨਿਕਲਦੀਆਂ ਵੀ ਹਨ ਤਾਂ ਉਹ ਸਿਰਫ਼ ਸਾਦੀਆਂ ਰੱਖੜੀਆਂ ਤੇ ਘੱਟ ਮਿਠਾਈਆਂ ਦੀ ਖਰੀਦਦਾਰੀ ਕਰ ਰਹੀਆਂ ਹਨ, ਜਿਸ ਨਾਲ ਇਸ ਵਾਰ ਹਰ ਦੁਕਾਨਦਾਰ ਨੂੰ ਮੰਦੀ ਦਾ ਮੂੰਹ ਵੇਖਣਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਅੱਗੇ ਆਉਣ ਵਾਲੇ ਤਿਉਹਾਰਾਂ 'ਤੇ ਵੀ ਇਹੋ ਹਾਲ ਰਹਿਣ ਦੀ ਸੰਭਾਵਨਾ ਹੈ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਦੇ ਬਾਜ਼ਾਰਾਂ 'ਚ ਰੌਣਕ ਨਹੀਂ ਸੀ ਤੇ ਕੁਝ ਲੋਕ ਹੀ ਦੁਕਾਨਾਂ ਅੰਦਰ ਖੜ੍ਹੇ ਦਿਖਾਈ ਦੇ ਰਹੇ ਸਨ ।
ਕੋਵਿਡ-19 ਦੌਰਾਨ ਸਿਵਲ ਹਸਪਤਾਲ ਬਟਾਲਾ ’ਚ 445 ਨਵ-ਜੰਮੇ ਬੱਚਿਆਂ ਦੀਆਂ ਗੂੰਜੀਆਂ ਕਿਲਕਾਰੀਆਂ
NEXT STORY