ਨਾਭਾ (ਰਾਹੁਲ) : ਪੰਜਾਬ ਦੇ ਬਹੁ ਕਰੋੜੀ ਵਜ਼ੀਫਾ ਘਪਲੇ 'ਚ ਕਲੀਨ ਚਿੱਟ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਰੋਧੀਆਂ ਨੂੰ ਵੰਗਾਰਿਆ ਹੈ। ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪਹਿਲਾਂ ਤਾਂ ਵਿਰੋਧੀਆਂ ਨੇ ਕਾਹਲੀ 'ਚ ਉਨ੍ਹਾਂ ਖ਼ਿਲਾਫ਼ ਇਹ ਸਭ ਕੁੱਝ ਕਰ ਦਿੱਤਾ ਪਰ ਹੁਣ ਉਹ ਆਪਣਾ ਪੜ੍ਹਿਆ ਵਿਚਾਰ ਲੈਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਹੈ ਅਤੇ ਹੁਣ ਇਸ ਨੂੰ ਉਨ੍ਹਾਂ ਦੇ ਵਿਰੋਧੀ ਉਮਰ ਭਰ ਦੇਖੀ ਜਾਣ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ ਬੋਲਦਿਆਂ ਧਰਮਸੋਤ ਨੇ ਕਿਹਾ ਕਿ ਰਾਹੁਲ ਗਾਂਧੀ ਹਾਸਰਸ ਪੀੜਤ ਕੁੜੀ ਦੇ ਘਰ ਜਾ ਰਹੇ ਸੀ ਤਾਂ ਉਨ੍ਹਾਂ ਨੇ ਗ੍ਰਿਫ਼ਤਾਰੀ ਦਿੱਤੀ ਪਰ ਇਸ ਘਿਨੌਣੀ ਹਰਕਤ ਨਾਲ ਭਾਜਪਾ ਦਾ ਚਿਹਰਾ ਨੰਗਾ ਹੋ ਗਿਆ ਹੈ। ਧਰਮਸੋਤ ਨੇ ਭਾਜਪਾ 'ਤੇ ਤੰਜ ਕੱਸਦਿਆਂ ਕਿਹਾ ਕਿ ਭਾਜਪਾ ਦੇ ਵਰਕਰ ਹੁਣ ਅਸਤੀਫ਼ੇ ਦੇ ਰਹੇ ਹਨ ਅਤੇ ਭਾਜਪਾ ਪੰਜਾਬ 'ਚੋਂ ਖਤਮ ਹੋ ਰਹੀ ਹੈ। ਧਰਮਸੋਤ ਨੇ ਅਕਾਲੀਆਂ 'ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਅਕਾਲੀ ਅਤੇ ਭਾਜਪਾ ਦੀ ਨਵੀਂ-ਨਵੀਂ ਤੜੱਕ ਕਰਕੇ ਟੁੱਟੀ ਹੈ ਅਤੇ ਅਕਾਲੀਆਂ ਨੇ ਕਿਸਾਨਾਂ ਦੇ ਨਾਂ 'ਤੇ ਸਿਰਫ ਵੋਟਾਂ ਮੰਗੀਆਂ ਹਨ।
ਧਰਮਸੋਤ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਿਰਫ਼ ਕਾਂਗਰਸ ਪਾਰਟੀ ਨੇ ਹੀ ਕਿਸਾਨਾਂ ਦੀ ਬਾਂਹ ਫੜ੍ਹੀ ਹੈ ਅਤੇ ਕਾਂਗਰਸ ਨੇ ਕਿਸਾਨਾਂ ਨੂੰ ਤਕੜਾ ਵੀ ਕੀਤਾ ਹੈ। ਹਰੀਸ਼ ਰਾਵਤ ਦੇ ਵੱਲੋਂ ਨਵਜੋਤ ਸਿੱਧੂ ਨੂੰ ਪੰਜਾਬ ਦਾ ਭਵਿੱਖ ਕਹਿਣ 'ਤੇ ਧਰਮਸੋਤ ਨੇ ਕਿਹਾ ਕਿ ਹਰ ਇੱਕ ਵਰਕਰ ਕਾਂਗਰਸ ਪਾਰਟੀ ਦਾ ਭਵਿੱਖ ਹੈ ਅਤੇ ਪਾਰਟੀ 'ਚ ਮੱਤਭੇਦ ਹੁੰਦੇ ਰਹਿੰਦੇ ਹਨ ਪਰ ਸਿੱਧੂ ਦਾ ਕਾਂਗਰਸ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਮਤਭੇਦ ਨਹੀਂ ਹੈ।
ਹੁਣ ਬਲਮਗੜ੍ਹ ਦੀ ਪੰਚਾਇਤ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪਾਇਆ ਮਤਾ
NEXT STORY