ਸੰਗਰੂਰ (ਜ.ਬ.)-ਮੌਜੂਦਾ ਦੌਰ ’ਚ ਕਿਸਾਨੀ ਸੰਕਟ ਵਿਚ ਘਿਰੀ ਹੋਈ ਹੈ ਅਤੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਪਾਣੀ ਸੰਕਟ ਅਤੇ ਪਰਾਲੀ ਨੂੰ ਅੱਗ ਦੇ ਪ੍ਰਦੂਸ਼ਣ ਵਰਗੇ ਮੁੱਦਿਆਂ ਦੇ ਦੌਰ ਵਿਚ ਪੱਖੋ ਕਲਾਂ ਦਾ ਬਲਪ੍ਰੀਤ ਸਿੰਘ ਬੱਲ੍ਹੀ ਫ਼ੁੱਲਾਂ ਦੀ ਖੇਤੀ ਨਾਲ ਕਿਸਾਨੀ ਨੂੰ ਨਵੀਂ ਸੇਧ ਦੇ ਰਿਹਾ ਹੈ। ਉਸ ਨੇ ਬਾਇਓਕਾਰਬ ਸ਼ੀਡ ਕੰਪਨੀ ਨਾਲ ਠੇਕਾ ਆਧਾਰਿਤ ਡੇਢ ਏਕਡ਼ ਵਿਚ ਫ਼ੁੱਲਾਂ ਦੀ ਖੇਤੀ ਸ਼ੁਰੂ ਕੀਤੀ ਹੈ, ਜਿਸ ਵਿਚ ਤਿੰਨ ਕਿਸਮਾਂ ਦੀ ਕਾਸ਼ਤ ਕੀਤੀ ਗਈ ਹੈ। ਬੱਲ੍ਹੀ ਨੇ ਦੱਸਿਆ ਕਿ ਉਸ ਨੇ 2 ਕਨਾਲ ’ਚ ਪਾਲੂਡੋਜ਼ਮ ਕਿਸਮ ਬੀਜੀ ਹੈ, ਜਿਸ ਦੇ ਬੀਜ ਦਾ ਝਾਡ਼ ਪ੍ਰਤੀ ਏਕਡ਼ 60 ਤੋਂ 70 ਕਿਲੋ ਅਤੇ ਰੇਟ 1100 ਰੁਪਏ ਪ੍ਰਤੀ ਏਕਡ਼ ਹੈ। ਇਸ ਤਰ੍ਹਾਂ 2 ਕਨਾਲਾਂ ’ਚ ਕਲਾਰਕੀਆ, ਜਿਸ ਦੇ ਬੀਜ ਦਾ ਝਾਡ਼ ਪ੍ਰਤੀ ਏਕਡ਼ 70 ਤੋਂ 80 ਕਿਲੋ ਹੈ ਅਤੇ ਰੇਟ 400 ਰੁਪਏ ਪ੍ਰਤੀ ਕਿਲੋ ਹੈ। ਇਕ ਏਕਡ਼ ਵਿਚ ਕਰਿਓਪਸਿਸ ਲਾਇਆ ਹੈ, ਜਿਸ ਦੇ ਬੀਜ ਦਾ ਝਾਡ਼ ਪ੍ਰਤੀ ਏਕਡ਼ ਚਾਰ ਕੁਇੰਟਲ ਅਤੇ ਰੇਟ 240 ਰੁਪਏ ਪ੍ਰਤੀ ਕਿਲੋ ਹੈ। ਉਸ ਨੇ ਦੱਸਿਆ ਕਿ ਇਕ ਏਕਡ਼ ਵਿਚ ਛਿਮਾਹੀ ਅੱਸੀ ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਕਮਾਈ ਹੋ ਜਾਂਦੀ ਹੈ। ਬੀ. ਐੱਸ. ਸੀ. ਐਗਰੀਕਲਚਰ ਬਲਪ੍ਰੀਤ ਸਿੰਘ ਬੱਲੀ ਭਾਰਤੀ ਖੁਰਾਕ ਨਿਗਮ ਵਿਚ ਕੁਆਲਿਟੀ ਇੰਸਪੈਕਟਰ ਹਨ ਅਤੇ ਡਿਊਟੀ ਤੋਂ ਬਾਅਦ ਖੇਤੀ ਦੀ ਦੇਖ-ਭਾਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਡਾ. ਅੱਲਾ ਰੰਗ ਰਿਟਾਇਰਡ ਸੀਡ ਬਰੀਡਰ ਪੀਏਯੂ ਦੀ ਪ੍ਰੇਰਨਾ ਸਦਕਾ ਇਸ ਖੇਤਰ ਵਿੱਚ ਨਿੱਤਰੇ ਹਨ। ਉਨ੍ਹਾਂ ਦੇ ਪਿਤਾ ਡਾ. ਸੁਖਮਹਿੰਦਰ ਸਿੰਘ ਵੱਲੋਂ ਉਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਖੇਤੀਬਾਡ਼ੀ ਵਿਕਾਸ ਅਫਸਰ ਡਾ. ਸੁਖਾਪਲ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਪੌਦਿਆਂ ਦੀ ਸੰਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ ਜਿਥੇ ਫਸਲੀ ਵਭਿੰਨਤਾ ਵੱਲ ਪੁੱਟਿਆ ਇਕ ਕਦਮ ਹੈ, ਉਥੇ ਨਾਲ ਹੀ ਸਹਾਇਕ ਧੰਦੇ ਮੱਖੀ ਪਾਲਣ ਲਈ ਵੀ ਲਾਹੇਵੰਦ ਹੈ ਅਤੇ ਮਜ਼ਦੂਰਾਂ ਨੂੰ ਵੀ ਲੇਬਰ ਦਾ ਕੰਮ ਮਿਲਣ ਨਾਲ ਬੇਰੋਜ਼ਗਾਰੀ ਖ਼ਤਮ ਹੋਵੇਗੀ। ਅੱਜ ਲੋਡ਼ ਹੈ ਬਲਪ੍ਰੀਤ ਸਿੰਘ ਵਰਗੇ ਹੋਰ ਉਤਸ਼ਾਹੀ ਨੌਜਵਾਨਾਂ ਦੀ ਜੋ ਖੇਤੀ ਦੇ ਖੇਤਰ ’ਚ ਪਸਰ ਰਹੇ ਹਨੇਰੇ ’ਚ ਆਪਣੀ ਹਿੰਮਤ ਅਤੇ ਤਜਰਬੇ ਦੀ ਮਸ਼ਾਲ ਜਗ੍ਹਾ ਕੇ ਰੌਸ਼ਨਾਈ ਕਰ ਰਹੇ ਹਨ ਤਾਂ ਜੋ ਖੇਤੀ ਅਤੇ ਪੰਜਾਬ ਦਾ ਭਵਿੱਖ ਸੰਵਰ ਸਕੇ।
ਡੀ.ਸੀ. ਦੇ ਭਰੋਸੇ 'ਤੇ ਗੰਨਾ ਕਿਸਾਨਾਂ ਨੇ ਚੁੱਕਿਆ ਧਰਨਾ
NEXT STORY