ਗੁਰਦਾਸਪੁਰ/ਅੰਮ੍ਰਿਤਸਰ (ਵਾਰਤਾ): ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ 'ਤੇ ਅਧਾਰਤ ਫ਼ਿਲਮ 'ਸਤਲੁਜ' ਨੂੰ ਓ. ਟੀ. ਟੀ. ਪਲੇਟਫ਼ਾਰਮ ਤੋਂ ਹਟਾਏ ਜਾਣ ਮਗਰੋਂ ਹੁਣ ਇਸ ਦੀ ਡਾਊਨਲੋਡ ਕੀਤੀਆਂ ਗਈਆਂ ਕਾਪੀਆਂ ਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਜਨਤਕ ਤੌਰ 'ਤੇ ਦਿਖਾਇਆ ਜਾ ਰਿਹਾ ਹੈ। ਖ਼ਾਸ ਤੌਰ 'ਤੇ ਮਾਝਾ ਖੇਤਰ ਦੇ ਕਈ ਪਿੰਡਾਂ ਵਿਚ ਗੁਰਦੁਆਰਿਆਂ ਤੇ ਖੁੱਲ੍ਹੇ ਮੈਦਾਨਾਂ ਵਿਚ ਪ੍ਰਾਜੈਕਟਰ ਤੇ ਵੱਡੀ ਸਕ੍ਰੀਨ ਰਾਹੀਂ ਫ਼ਿਲਮ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਗੁਰਦਾਸਪੁਰ ਜ਼ਿਲ੍ਹੇ ਦੇ ਸ਼ੇਕੁਪੁਰਾ ਤੇ ਪੰਜਵੜ ਪਿੰਡਾਂ ਵਿਚ ਮੰਗਲਵਾਰ ਰਾਤ ਸਥਾਨਕ ਨੌਜਵਾਨਾਂ ਨੇ ਪਿੰਡ ਦੇ ਗੁਰੂਘਰਾਂ ਦੇ ਵਿਹੜੇ ਵਿਚ ਵੱਡੀ ਸਕ੍ਰੀਨ ਲਗਾ ਕੇ ਫ਼ਿਲਮ ਲਗਾਈ। ਫ਼ਿਲਮ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਸੰਗਤ ਇਕੱਠੀ ਹੋਈ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਡੋਰੀ ਤੇ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਵੀ ਫ਼ਿਲਮ ਵਿਖਾਈ ਗਈ। ਸਥਾਨਕ ਨੌਜਵਾਨ ਸੰਗਠਨਾਂ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ ਸੰਗਠਨਾਂ, ਕਿਸਾਨ ਸੰਗਠਨਾਂ ਤੇ ਸਮਾਜਿਕ ਸਮੂਹਾਂ ਨੇ ਵੀ ਫ਼ਿਲਮ ਦੀ ਸਕ੍ਰੀਨਿੰਗ ਦੇ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ।
ਗੁਰਦਾਸਪੁਰ ਦੇ ਖੇਡ ਪ੍ਰਮੋਟਰ ਸੁਲਤਾਨ ਸਿੰਘ ਨੇ ਆਪਣੇ ਜੱਦੀ ਪਿੰਡ ਵਿਚ ਖਿਡਾਰੀਆਂ ਤੇ ਪਿੰਡ ਵਾਸੀਆਂ ਲਈ ਵਿਸ਼ੇਸ਼ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਸਿਆਸੀ ਆਗੂ ਰਸ਼ਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਦਰੌਲੀ ਭਾਈ ਤੇ ਘਾਲ ਕਲਾਂ ਪਿੰਡਾਂ ਵਿਚ ਵੀ ਫ਼ਿਲਮ ਦੀ ਸਕ੍ਰੀਨਿੰਗ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਮੋਗਾ ਜ਼ਿਲ੍ਹੇ ਦੇ ਚਾਰ ਪਿੰਡਾਂ ਵਿਚ ਵੀ ਇਸੇ ਤਰ੍ਹਾਂ ਦੇ ਸਕ੍ਰੀਨਿੰਗ ਕਰਨ ਦੀ ਯੋਜਨਾ ਹੈ।
ਇੱਥੇ ਦੱਸ ਦਈਏ ਕਿ ਅਦਾਕਾਰ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਤ ਹੈ। ਇਹ ਪਿਛਲੇ ਲੰਮੇ ਸਮੇਂ ਤੋਂ ਸੈਂਸਰ ਬੋਰਡ ਦੀ ਹਰੀ ਝੰਡੀ ਨਾ ਮਿਲਣ ਕਾਰਨ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਤੋਂ ਰੁਕੀ ਹੋਈ ਸੀ। ਹਾਲ ਹੀ ਵਿਚ ਇਸ ਨੂੰ ਓ. ਟੀ. ਟੀ. ਪਲੇਟਫ਼ਾਰਮ ZEE5 'ਤੇ ਰਿਲੀਜ਼ ਕੀਤਾ ਗਿਆ ਸੀ, ਪਰ ਦੋ ਦਿਨ ਬਾਅਦ ਹੀ ਇਸ ਨੂੰ ਉੱਥੋਂ ਵੀ ਹਟਾ ਦਿੱਤਾ ਗਿਆ ਤੇ ਇਸ ਵੇਲੇ ਇਹ ਭਾਰਤ ਵਿਚ ਉਪਲਬਧ ਨਹੀਂ ਹੈ। ਇਸ ਮਗਰੋਂ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਹੋਰ ਨੌਜਵਾਨਾਂ ਵੱਲੋਂ ਆਪੋ-ਆਪਣੇ ਪੱਧਰ 'ਤੇ ਫ਼ਿਲਮ ਡਾਊਨਲੋਡ ਕਰ ਕੇ ਪਿੰਡ-ਪਿੰਡ ਵਿਚ ਜਨਤਕ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਐਲਾਨ ਕੀਤਾ ਹੈ ਕਿ ਪਾਰਟੀ ਵੱਲੋਂ ਪਿੰਡਾਂ ਵਿਚ ਇਹ ਫ਼ਿਲਮ ਲੋਕਾਂ ਨੂੰ ਦਿਖਾਈ ਜਾਵੇਗੀ।
ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ
NEXT STORY