ਬੁੱਲ੍ਹੋਵਾਲ (ਰਣਧੀਰ) - ਸਰਕਾਰਾਂ ਵਲੋਂ ਆਪਣੇ ਨਾਗਰਿਕਾਂ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਡੰਗ-ਟਪਾਊ ਹੀ ਸਾਬਤ ਹੁੰਦੀਆਂ ਹਨ। ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਪੈਸਿਆਂ ਨਾਲ ਕੇਂਦਰ ਸਰਕਾਰ ਦੀ ਸਮੈਸਟਰ ਸਿੱਖਿਆ ਨੀਤੀ ਤਹਿਤ 8ਵੀਂ ਜਮਾਤ ਤੱਕ ਦੀਆਂ ਸਾਰੀਆਂ ਲੜਕੀਆਂ ਤੇ ਦਲਿਤ ਲੜਕੀਆਂ ਨੂੰ ਸਰਦੀਆਂ-ਗਰਮੀਆਂ ਦੀਆਂ ਵਰਦੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਜ਼ਿਲੇ ਦੇ ਵੱਖ-ਵੱਖ ਸਕੂਲਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸਰਦੀਆਂ ਦੀਆਂ ਵਰਦੀਆਂ ਅਪ੍ਰੈਲ (ਗਰਮੀਆਂ) 'ਚ ਮਿਲ ਰਹੀਆਂ ਹਨ।
ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਵਰਦੀਆਂ ਲਈ ਵਰਤਿਆ ਗਿਆ ਕੱਪੜਾ ਬੇਹੱਦ ਘਟੀਆ ਕਿਸਮ ਦਾ ਹੈ ਅਤੇ ਇਹ ਵਰਦੀਆਂ ਬਿਨਾਂ ਨਾਪ ਲਏ ਸਟਿੱਚ ਕਰਵਾ ਦਿੱਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਟੈਂਡਰ ਰਾਹੀਂ ਇਕ ਫਰਮ ਤੋਂ ਵਰਦੀਆਂ ਤਿਆਰ ਕਰਵਾਈਆਂ ਗਈਆਂ ਹਨ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਇਸ ਵਾਰ 400 ਰੁਪਏ ਦੀ ਥਾਂ 600 ਰੁਪਏ ਪ੍ਰਤੀ ਵਿਦਿਆਰਥੀ ਕੇਂਦਰ ਸਰਕਾਰ ਵਲੋਂ ਭੇਜਿਆ ਗਿਆ ਹੈ ਪਰ ਵਰਦੀਆਂ ਫਿਰ ਵੀ ਮੇਚ ਨਹੀਂ ਆ ਰਹੀਆਂ। ਲੋਕਾਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਆਪਣੇ ਅਧਿਆਪਕਾਂ ਤੇ ਅਧਿਕਾਰੀਆਂ 'ਤੇ ਭਰੋਸਾ ਕਰ ਕੇ ਸਕੂਲ ਵਿਕਾਸ ਕਮੇਟੀਆਂ ਰਾਹੀਂ ਵਰਦੀਆਂ ਤਿਆਰ ਕਰਵਾਏ ਤਾਂ ਜੋ ਵਿਦਿਆਰਥੀਆਂ ਨੂੰ ਸਰਦੀ ਵਾਲੀਆਂ ਵਰਦੀਆਂ ਸਰਦੀਆਂ 'ਚ ਮਿਲ ਸਕਣ।
ਸ਼ਰਾਬ ਫੈਕਟਰੀ ਨੂੰ ਲੱਗੀ ਅੱਗ, 4 ਜ਼ਖਮੀ
NEXT STORY