ਲੁਧਿਆਣਾ (ਰਾਜ)- ਮਿੰਨੀ ਸਕੱਤਰੇਤ ਸਥਿਤ ਸੇਵਾ ਕੇਂਦਰ ਵਿਚ ਪ੍ਰਸ਼ਾਸਨਿਕ ਸੁਧਾਰਾਂ ਤੇ ਨਾਗਰਿਕ ਸਹੂਲਤਾਂ ਦੇ ਸਰਕਾਰੀ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਦੂਰ-ਦੁਰਾਡੇ ਤੋਂ ਆ ਰਹੇ ਆਮ ਨਾਗਰਿਕਾਂ ਅਤੇ ਬਜ਼ੁਰਗਾਂ ਨੂੰ ਟੋਕਨ ਖ਼ਤਮ ਹੋਣ ਦਾ ਬਹਾਨਾ ਬਣਾ ਕੇ ਵਾਪਸ ਮੋੜਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਏਜੰਟਾਂ ਅਤੇ ਉਨ੍ਹਾਂ ਦੇ ਕਲਾਇੰਟਾਂ ਦੇ ਕੰਮ ਬਿਨਾਂ ਕਿਸੇ ਟੋਕਨ ਤੇ ਕਤਾਰ ਦੇ ਮਿੰਟਾਂ ਵਿੱਚ ਕੀਤੇ ਜਾ ਰਹੇ ਹਨ।
ਸਮਰਾਲਾ ਚੌਂਕ ਤੋਂ ਆਏ ਬਜ਼ੁਰਗ ਅਜੀਤ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਦਸਤਾਵੇਜ਼ਾਂ ਵਿਚ ਪਤਾ ਬਦਲਵਾਉਣ ਆਏ ਸਨ ਪਰ ਸਟਾਫ਼ ਨੇ ਟੋਕਨ ਖ਼ਤਮ ਹੋਣ ਦਾ ਹਵਾਲਾ ਦੇ ਕੇ ਅਗਲੀ ਸਵੇਰ 8 ਤੋਂ 9 ਵਜੇ ਦੇ ਵਿਚਕਾਰ ਆਉਣ ਲਈ ਕਿਹਾ। ਬਜ਼ੁਰਗ ਵੱਲੋਂ ਦੂਰੀ ਤੇ ਉਮਰ ਦੀ ਮਜ਼ਬੂਰੀ ਦੱਸਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ।
ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਸਾਹਮਣੇ ਹੀ ਇੱਕ ਏਜੰਟ ਸਿੱਧਾ ਸਟਾਫ਼ ਕੋਲ ਗਿਆ ਅਤੇ ਬਿਨਾਂ ਲਾਈਨ ਤੋਂ ਕੰਮ ਕਰਵਾ ਕੇ ਨਿਕਲ ਗਿਆ। ਇਸੇ ਤਰ੍ਹਾਂ ਰਾਜੂ ਗੁਪਤਾ ਅਤੇ ਨਿਤੀਸ਼ ਕੁਮਾਰ ਨੇ ਵੀ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਆਮ ਲੋਕਾਂ ਨੂੰ ਜਾਤੀ ਸਰਟੀਫ਼ਿਕੇਟ ਜਾਂ ਹੋਰ ਕੰਮਾਂ ਲਈ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਹੈ, ਜਦਕਿ ਏਜੰਟਾਂ ਰਾਹੀਂ ਉਹੀ ਕੰਮ ਤੁਰੰਤ ਹੋ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ ਘਰ ਬੈਠੇ ਸਹੂਲਤਾਂ ਦੇਣ ਲਈ ਜਾਰੀ 1076 ਹੈਲਪਲਾਈਨ ਦੇ ਦਾਅਵੇ ਵੀ ਜ਼ਮੀਨੀ ਹਕੀਕਤ ਤੋਂ ਕੋਸੋ ਦੂਰ ਦਿਖਾਈ ਦੇ ਰਹੇ ਹਨ। ਲੋਕਾਂ ਨੂੰ ਚਿਲਚਿਲਾਤੀ ਗਰਮੀ ਵਿੱਚ ਘੰਟਿਆਂ ਬੱਧੀ ਖੜ੍ਹੇ ਰਹਿਣਾ ਪੈਂਦਾ ਹੈ। ਪ੍ਰੇਸ਼ਾਨ ਆਮ ਜਨਤਾ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਤੋਂ ਗੁਹਾਰ ਲਗਾਈ ਹੈ ਕਿ ਸੇਵਾ ਕੇਂਦਰ ਵਿੱਚ ਵਿਚੋਲਿਆਂ ਅਤੇ ਏਜੰਟਾਂ ਦੇ ਦਾਖ਼ਲੇ 'ਤੇ ਤੁਰੰਤ ਰੋਕ ਲਗਾਈ ਜਾਵੇ ਤੇ ਬਜ਼ੁਰਗਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ।
ਦੂਜੇ ਪਾਸੇ ਜਦੋਂ ਸੇਵਾ ਕੇਂਦਰ ਦੇ ਇੰਚਾਰਜ ਮਨਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਧਾਂਦਲੀ ਚੱਲ ਰਹੀ ਹੈ ਤਾਂ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ।
ਪੰਜਾਬ 'ਚ 15, 16 ਦੀ ਛੁੱਟੀ, 17 ਅਗਸਤ ਨੂੰ ਵੀ ਉਠੀ ਛੁੱਟੀ ਦੀ ਮੰਗ
NEXT STORY