ਗੁਰਦਾਸਪੁਰ,(ਵਿਨੋਦ) : ਜ਼ਿਲਾ ਗੁਰਦਾਸਪੁਰ 'ਚ ਅੱਜ ਅਣਪਛਾਤੇ 3 ਮੋਟਰਸਾਈਕਲ ਸਵਾਰਾਂ ਵਲੋਂ ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਕਾਰਨ ਪੂਰੇ ਜ਼ਿਲੇ 'ਚ ਅਲਰਟ ਜਾਰੀ ਕੀਤਾ ਗਿਆ। ਅੱਜ ਦੇਰ ਸ਼ਾਮ ਪੁਰਾਣਾ ਸ਼ਾਲਾ ਬੱਸ ਅੱਡੇ 'ਚ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਉਪ ਪ੍ਰਧਾਨ ਦਾ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪ੍ਰਾਪਤ ਜਾਣਕਾਰੀ ਮੁਤਾਬਕ ਅਜੇ ਕੁਮਾਰ ਪੁੱਤਰ ਸੌਦਾਗਰ ਨਿਵਾਸੀ ਪਿੰਡ ਖਾੜੀਆ ਦੇਰ ਸ਼ਾਮ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਪ੍ਰਧਾਨ ਵਰਿੰਦਰ ਮੁੰਨਾ ਦੇ ਨਾਲ ਪੁਰਾਣਾ ਸ਼ਾਲਾ ਬੱਸ ਅੱਡੇ 'ਤੇ ਖੜਾ ਸੀ ਕਿ ਅਚਾਨਕ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਅਜੇ ਕੁਮਾਰ 'ਤੇ ਗੋਲੀ ਚਲਾ ਦਿੱਤੀ। ਹੱਤਿਆਰਿਆਂ ਨੇ ਉਸ ਦੇ ਬਾਅਦ ਅਜੇ 'ਤੇ ਦਾਤਰ ਆਦਿ ਨਾਲ ਵੀ ਹਮਲਾ ਕੀਤਾ। ਬੱਸ ਅੱਡੇ 'ਤੇ ਸ਼ੋਰ ਮਚੱਣ 'ਤੇ ਹੱਤਿਆਰੇ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ।
ਅਜੇ ਕੁਮਾਰ ਨੂੰ ਗੰਭੀਰ ਹਾਲਤ 'ਚ ਗੁਰਦਾਸਪੁਰ ਦੇ ਪ੍ਰਾਈਵੇਟ ਹਸਪਤਾਲ ਅਬਰੋਲ ਮੈਡੀਕਲ ਸੈਂਟਰ 'ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਮੁੱਖ ਹਰਵਿੰਦਰ ਸੋਨੀ ਨੇ ਦੋਸ਼ ਲਗਾਇਆ ਕਿ ਪੁਲਸ ਨੂੰ ਪਹਿਲਾਂ ਹੀ ਇਸ ਸਬੰਧੀ ਸਰਗਰਮ ਕੀਤਾ ਗਿਆ ਸੀ ਅਤੇ ਉਸ ਦੇ ਬਾਵਜੂਦ ਅਜੇ ਅਤੇ ਵਰਿੰਦਰ ਮੁੰਨਾ ਦੀ ਸੁਰੱਖਿਆ ਸਬੰਧੀ ਕੋਈ ਪ੍ਰਬੰਧ ਪੁਲਸ ਨੇ ਨਹੀਂ ਕੀਤਾ ਸੀ। ਜਦਕਿ ਸਾਰਿਆਂ ਨੂੰ ਪਤਾ ਹੈ ਕਿ ਸ਼ਿਵ ਸੈਨਾ ਬਾਲ ਠਾਕਰੇ ਨੇਤਾ ਅੱਤਵਾਦੀਆਂ ਦੀ ਹਿਟ ਲਿਸਟ 'ਚ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਸਿੱਧੇ ਰੂਪ 'ਚ ਜ਼ਿਮੇਵਾਰ ਹੈ।
ਕੀ ਕਹਿਣਾ ਹੈ ਕਿ ਜ਼ਿਲਾ ਪੁਲਸ ਮੁਖੀ ਦਾ
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਸ਼ਿਵ ਸੈਨਾ ਨੇਤਾ ਅਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਇਹ ਘਟਨਾ ਅੱਤਵਾਦੀ ਹੈ ਜਾਂ ਨਹੀਂ ਇਸ ਸਬੰਧੀ ਸਾਰੀ ਸੱਚਾਈ ਜਾਂਚ ਦੇ ਬਾਅਦ ਹੀ ਸਾਹਮਣੇ ਆਏਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਲਈ ਵਿਸ਼ੇਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਗੋਲੀ ਮਾਰਨ ਦੇ ਬਾਅਦ ਹੱਤਿਆਰਿਆਂ ਨੇ ਅਜੇ ਕੁਮਾਰ 'ਤੇ ਦਾਤਰ ਨਾਲ ਵਾਰ ਕੀਤੇ ਹਨ, ਉਸ ਨਾਲ ਲੱਗਦਾ ਹੈ ਕਿ ਇਹ ਅੱਤਵਾਦੀ ਘਟਨਾ ਨਹੀਂ ਬਲਕਿ ਆਪਸੀ ਰੰਜਿਸ਼ ਦਾ ਨਤੀਜਾ ਹੈ ਪਰ ਇਸ ਸਬੰਧੀ ਅਜੇ ਕੁਝ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ।
ਕੇ. ਪੀ. ਨੂੰ ਮਨਾਉਣ ਪਹੁੰਚੇ ਚੌਧਰੀ ਬੇਰੰਗ ਮੁੜੇ
NEXT STORY