ਅਜਨਾਲਾ (ਵਰਿੰਦਰ) : ਅਜਨਾਲਾ ਦੇ ਇਕ ਨਾਮੀ ਮੈਡੀਕਲ ਸਟੋਰ ਮਾਲਕ ਕੋਲੋਂ ਨਸ਼ਾ ਬਰਾਮਦਗੀ ਕਰਨ ਦੇ ਮਾਮਲੇ 'ਚ ਮਦਦ ਕਰਨ ਲਈ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਬੀਤੀ ਸ਼ਾਮ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਪੁਲਸ ਵਲੋਂ ਬਾਅਦ ਦੁਪਹਿਰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ।
ਮਨਜਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਪੁੱਜੇ ਡੀ.ਐੱਸ.ਪੀ ਅਟਾਰੀ ਅਰੁਣ ਕੁਮਾਰ ਨੇ ਦੱਸਿਆ ਕਿ ਧੀਰਜ ਕੁਮਾਰ ਵਾਸੀ ਅਜਨਾਲਾ ਵੱਲੋਂ ਪੁਲਸ ਨੂੰ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ 7 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਥਾਣਾ ਅਜਨਾਲਾ ਦੇ ਮੌਜੂਦਾ ਐੱਸ. ਐੱਚ. ਓ. ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੂੰ ਬੀਤੀ ਰਾਤ ਗ੍ਰਿਫਤਾਰ ਕਰਕੇ ਉਸਦੀ ਅਜਨਾਲਾ ਸਥਿਤ ਸਰਕਾਰੀ ਰਿਹਾਇਸ਼ ਵਿਚੋਂ ਰਿਸ਼ਵਤ ਦੇ ਲਏ ਗਏ 5 ਲੱਖ ਰੁਪਏ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਨੂੰ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ ਸੀਨੀਅਰ ਡਵੀਜ਼ਨ ਮੈਡਮ ਰਾਧਿਕਾ ਪੁਰੀ ਦੀ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਮਨਜਿੰਦਰ ਸਿੰਘ ਵੱਲੋਂ ਰਿਸ਼ਵਤ ਦੇ ਲਏ ਬਾਕੀ ਰਹਿੰਦੇ 2 ਲੱਖ ਰੁਪਏ ਬਰਾਮਦ ਕੀਤੇ ਜਾਣਗੇ।
ਮੈਂ ਰਾਜਨੀਤਿਕ ਸਾਜਿਸ਼ ਦਾ ਹੋਇਆ ਸ਼ਿਕਾਰ : ਮਨਜਿੰਦਰ ਸਿੰਘ
ਰਿਸ਼ਵਤ ਲੈਣ ਦੇ ਦੋਸ਼ 'ਚ ਪੁਲਸ ਦੀ ਗ੍ਰਿਫਤ ਵਿਚ ਆਏ ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੇ ਪੇਸ਼ੀ ਭੁਗਤਣ ਉਪਰੰਤ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਅ ਰਿਹਾ ਸੀ ਅਤੇ ਉਸਨੇ ਅਜਨਾਲਾ 'ਚ ਪਿਛਲੇ 10 ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਦੀਪਕ ਮੈਡੀਕਲ ਸਟੋਰ ਦੇ ਮਾਲਕ ਦੀਪਕ ਕੁਮਾਰ ਨੂੰ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਸੀ। ਉਸਨੇ ਦੱਸਿਆ ਕਿ ਮੈਨੂੰ ਰਾਜਨੀਤਿਕ ਸਾਜਿਸ਼ ਤਹਿਤ ਹੀ ਫਸਾਇਆ ਗਿਆ ਕਿਉਂਕਿ ਜੇਕਰ ਮੈਂ ਰਿਸ਼ਵਤ ਲਈ ਹੁੰਦੀ ਤਾਂ ਦੀਪਕ ਕੁਮਾਰ ਖਿਲਾਫ ਮੁਕੱਦਮਾਂ ਦਰਜ ਕਿਉਂ ਕਰਦਾ। ਮਨਜਿੰਦਰ ਸਿੰਘ ਨੇ ਅੱਗੇ ਦੱੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿੱਚ ਅਹਿਮ ਰੋਲ ਅਦਾ ਕਰਨ ਅਜਨਾਲਾ ਦੇ ਨਾਮੀ ਕਾਂਗਰਸੀ ਲੀਡਰ ਖਿਲਾਫ ਵੀ ਸ਼ਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਸੂਬਾ ਚੋਣ ਅਧਿਕਾਰੀ ਤੋਂ ਪੰਜਾਬ ਸਰਕਾਰ ਔਖੀ, ਮੰਗਿਆ ਤਬਾਦਲਾ
NEXT STORY