ਲੁਧਿਆਣਾ (ਪਾਲੀ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਾਲ ਹੀ 'ਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦੀ ਹੋਈ ਮੁਲਾਕਾਤ ਦੌਰਾਨ ਹੋਈ ਵਿਚਾਰ-ਚਰਚਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਫ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਪਣੀ ਯਾਰੀ ਬਾਅਦ 'ਚ ਨਿਭਾਉਣ ਪਹਿਲਾਂ ਪੰਜਾਬ ਦੀ ਪਾਣੀਆਂ ਦੀ ਕੀਮਤ ਵਸੂਲੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਨੇ ਜਦੋਂ ਨਹਿਰਾਂ ਦੀ ਰਿਪੇਅਰ ਦੀ ਗੱਲ ਕੀਤੀ ਸੀ ਤਾਂ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਫ ਕਹਿਣਾ ਚਾਹੀਦਾ ਸੀ ਕਿ ਰਿਪੇਅਰ ਬਾਅਦ 'ਚ ਪਹਿਲਾਂ ਪਾਣੀਆਂ ਦੀ ਕੀਮਤ ਕਰੀਬ 16 ਲੱਖ ਕਰੋੜ ਰੁਪਏ ਦਿੱਤੇ ਜਾਣ।
ਵਿਧਾਇਕ ਬੈਂਸ ਅੱਜ ਪਿਛਲੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਚ ਰਾਤਰੀ ਭੋਜ ਮੌਕੇ ਹੋਈ ਮੁਲਾਕਾਤ 'ਤੇ ਚਰਚਾ ਕਰ ਰਹੇ ਸਨ। ਵਿਧਾਇਕ ਬੈਂਸ ਨੇ ਸਾਫ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਕੀਮਤ 16 ਲੱਖ ਕਰੋੜ ਰੁਪਏ ਰਾਜਸਥਾਨ ਸਰਕਾਰ ਤੋਂ ਪੰਜਾਬ ਸਰਕਾਰ ਨੇ ਲੈਣੇ ਹਨ ਅਤੇ ਇਸ ਸਬੰਧੀ ਪੰਜਾਬ ਵਿਧਾਨ ਸਭਾ 'ਚ ਮਤਾ ਵੀ ਪਾਸ ਹੋ ਚੁੱਕਾ ਹੈ ਪਰ ਫਿਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗਹਿਲੋਤ ਨਾਲ ਮੁਲਾਕਾਤ ਦੌਰਾਨ ਪਾਣੀਆਂ ਦੇ ਪੈਸੇ ਦੀ ਮੰਗ ਸਬੰਧੀ ਕੋਈ ਵੀ ਗੱਲ ਨਾ ਕਰਨਾ ਕੈਪਟਨ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਹੇਜ ਸਬੰਧੀ ਕੀਤੀ ਜਾ ਰਹੀ ਗੁੰਮਰਾਹਕੁੰਨ ਬਿਆਨਬਾਜ਼ੀ ਦਾ ਸੱਚ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ।
ਵਿਧਾਇਕ ਬੈਂਸ ਨੇ ਕਿਹਾ ਕਿ ਹੁਣ ਜਦੋਂ ਰਾਜਸਥਾਨ 'ਚ ਵੀ ਕਾਂਗਰਸ ਦੀ ਸਰਕਾਰ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲ ਕਰ ਕੇ ਪੰਜਾਬ ਨੂੰ ਹਰਿਆ-ਭਰਿਆ ਸੂਬਾ ਬਣਾਉਣ 'ਚ ਮੋਹਰੀ ਰੋਲ ਅਦਾ ਕਰਨ ਪਰ ਦੂਜੇ ਪਾਸੇ ਉਨ੍ਹਾਂÎ ਸ਼ੱਕ ਜਾਹਰ ਕਰਦਿਆਂ ਕਿਹਾ ਕਿ ਕੈਪਟਨ ਸਿਰਫ ਯਾਰੀਆਂ ਨਿਭਾਉਂਦੇ ਹਨ, ਕੰਮ ਦੀ ਗੱਲ ਕੋਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ 21 ਲੱਖ ਲੋਕਾਂ ਕੋਲੋਂ ਦਸਤਖਤ ਕਰਵਾ ਕੇ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਅੱਗੇ ਰੱਖੇਗੀ ਅਤੇ ਮੰਗ ਕਰੇਗੀ ਕਿ ਜਾਂ ਤਾਂ 16 ਲੱਖ ਕਰੋੜ ਰੁਪਏ ਦੀ ਰਾਜਸਥਾਨ ਤੋਂ ਵਸੂਲੀ ਕੀਤੀ ਜਾਵੇ ਜਾਂ ਫਿਰ ਪੰਜਾਬ ਦਾ ਅਨਮੋਲ ਪਾਣੀ ਜੋ ਰਾਜਸਥਾਨ ਨੂੰ ਫ੍ਰੀ 'ਚ ਜਾ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਕਿਸੇ ਵੀ ਹਾਲਤ 'ਚ ਪਿੱਛੇ ਨਹੀਂ ਹਟੇਗੀ ਤੇ ਕੈਪਟਨ ਸਮੇਤ ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਚਿਤਾਵਨੀ ਦਿੱਤੀ ਕਿ ਪਾਣੀਆਂ ਦੀ ਕੀਮਤ ਵਸੂਲੀ ਹਰ ਹਾਲ 'ਚ ਕਰਵਾਈ ਜਾਵੇਗੀ, ਜਿਸ ਸਬੰਧੀ ਉਨ੍ਹਾਂ ਦੀ ਪਾਰਟੀ ਵਲੋਂ ਜਨ ਅੰਦੋਲਨ ਛੇੜਿਆ ਗਿਆ ਹੈ ਅਤੇ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਕਰਜ਼ਾ ਮੁਕਤ ਕਰਨ ਦੇ ਨਾਲ-ਨਾਲ ਪੰਜਾਬ ਨੂੰ ਹਰਿਆ-ਭਰਿਆ ਅਤੇ ਦੁਬਈ ਦੇ ਸ਼ੇਖਾਂ ਤੋਂ ਵੀ ਵੱਧ ਅਮੀਰ ਬਣਾਇਆ ਜਾਵੇਗਾ।
ਕਾਰ-ਮੋਟਰਸਾਈਕਲ ਦੀ ਟੱਕਰ ਦੌਰਾਨ ਹੋਇਆ ਵੱਡਾ ਬਵਾਲ, ਕੀਤੀ ਹਵਾਈ ਫਾਈਰਿੰਗ (ਤਸਵੀਰਾਂ)
NEXT STORY