ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਵਿੱਚ ਬੁੱਧਵਾਰ ਨੂੰ ਵਰਚੁਅਲ ਸੁਣਵਾਈ ਦੌਰਾਨ ਇੱਕ ਬੇਹੱਦ ਸ਼ਰਮਨਾਕ ਅਤੇ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਅਦਾਲਤ ਦੀ ਕਾਰਵਾਈ ਦੌਰਾਨ ਅਚਾਨਕ ਅਸ਼ਲੀਲ ਵੀਡੀਓ ਚੱਲਣ ਕਾਰਨ ਹੜਕੰਪ ਮਚ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਚੀਫ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਖਰੀਆ ਦੀ ਬੈਂਚ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕਰ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਦੁਪਹਿਰ ਨੂੰ ਕਰੀਬ 1 ਵਜੇ ਵਾਪਰੀ। ਜਿਵੇਂ ਹੀ ਅਸ਼ਲੀਲ ਵੀਡੀਓ ਚੱਲੀ, ਅਦਾਲਤ ਨੇ ਤੁਰੰਤ ਸੁਣਵਾਈ ਰੋਕ ਦਿੱਤੀ। ਕੁਝ ਮਿੰਟਾਂ ਬਾਅਦ ਜਦੋਂ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਮੁੜ ਤੋਂ ਉਹੀ ਵੀਡੀਓ ਚੱਲਣ ਲੱਗ ਪਈ। ਇਸ ਤੋਂ ਇਲਾਵਾ ਸਕ੍ਰੀਨ 'ਤੇ 'ਤੁਹਾਡਾ ਸਿਸਟਮ ਹੈਕ ਹੋ ਗਿਆ ਹੈ' ਦਾ ਮੈਸੇਜ ਦਿਖਾਈ ਦਿੱਤਾ ਅਤੇ ਸੰਗੀਤ ਵੀਡੀਓ (ਗਾਣੇ) ਵੀ ਵੱਜਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਅਦਾਲਤ ਵਿੱਚ 100 ਤੋਂ ਵੱਧ ਜਨਹਿਤ ਪਟੀਸ਼ਨਾਂ 'ਤੇ ਸੁਣਵਾਈ ਹੋ ਰਹੀ ਸੀ।
ਸੁਣਵਾਈ ਵਿੱਚ ਸ਼ਾਮਲ ਇੱਕ ਵਿਅਕਤੀ, ਖਿਤੀਜੀਤ ਸਿੰਘ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਕਿ ਉਸਦਾ ਲੌਗਿਨ ਅਕਾਊਂਟ ਅਮਰੀਕਾ ਤੋਂ ਹੈਕ ਕੀਤਾ ਗਿਆ ਸੀ। ਉਸਨੇ ਕਿਹਾ ਕਿ ਉਸਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅਸ਼ਲੀਲ ਵੀਡੀਓ ਕਿਵੇਂ ਚੱਲੀ।
ਚੀਫ ਜਸਟਿਸ ਨੇ ਦਿੱਤੇ ਸਖ਼ਤ ਹੁਕਮ
ਇਸ ਗੰਭੀਰ ਮਾਮਲੇ 'ਤੇ ਚੀਫ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਨੇ ਪ੍ਰਸ਼ਾਸਨਿਕ ਪੱਧਰ 'ਤੇ ਰਜਿਸਟਰਾਰ ਜਨਰਲ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਦਾਲਤ ਦੀ ਕਾਰਵਾਈ ਨੂੰ ਰਿਕਾਰਡ ਕਰਨਾ ਨਿਯਮਾਂ ਦੇ ਵਿਰੁੱਧ ਹੈ ਅਤੇ ਜੇਕਰ ਕਿਸੇ ਨੇ ਅਜਿਹਾ ਕੀਤਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਸ਼ਿਕਾਇਤ ਦਿੱਲੀ ਪੁਲਸ ਦੀ IFSO ਯੂਨਿਟ ਨੂੰ ਦੇ ਦਿੱਤੀ ਗਈ ਹੈ।
ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਅਦਾਲਤ ਵਿੱਚ ਮੌਜੂਦ ਐਡੀਸ਼ਨਲ ਸਾਲਿਸਟਰ ਜਨਰਲ ਚੇਤਨ ਸ਼ਰਮਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਅਦਾਲਤ ਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਮੁੰਬਈ ਅਤੇ ਕੋਲਕਾਤਾ) ਅਤੇ ਗੁਜਰਾਤ ਹਾਈ ਕੋਰਟ ਵਿੱਚ ਵਰਚੁਅਲ ਸੁਣਵਾਈ ਦੌਰਾਨ ਅਸ਼ਲੀਲ ਕੰਟੈਂਟ ਚੱਲਣ ਜਾਂ ਅਭੱਦਰ ਵਿਵਹਾਰ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਆਸਾਮ ਐਗਜ਼ਿਟ ਪੋਲ: ‘Axis My India’ ਮੁਤਾਬਕ NDA ਦੀ ਹੂੰਝਾ ਫੇਰ ਜਿੱਤ, ਕਾਂਗਰਸ ਗਠਜੋੜ ਪਛੜਿਆ
NEXT STORY