ਲੁਧਿਆਣਾ(ਹਿਤੇਸ਼)-ਮਹਾਨਗਰ ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੀ ਸੁਵਿਧਾ ਦੇਣ ਸਬੰਧੀ ਕਰੀਬ 5 ਸਾਲ ਪੁਰਾਣੀ ਯੋਜਨਾ 'ਤੇ ਅਮਲ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਐਗਜ਼ੀਕਿਊਟਿਵ ਕਮੇਟੀ ਤੋਂ ਸਮਾਰਟ ਸਿਟੀ ਅਧੀਨ ਚੁਣੇ ਗਏ ਏਰੀਏ 'ਚ ਨਹਿਰੀ ਪਾਣੀ ਨੂੰ ਪੀਣ ਯੋਗ ਪਾਣੀ ਬਣਾਉਣ ਦੀ ਹਰੀ ਝੰਡੀ ਮਿਲ ਗਈ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਮਹਾਨਗਰ ਵਿਚ ਇਸ ਸਮੇਂ ਕਰੀਬ ਇਕ ਹਜ਼ਾਰ ਛੋਟੇ ਵੱਡੇ ਟਿਊਬਵੈੱਲ ਚਲ ਰਹੇ ਹਨ, ਜਿਨ੍ਹਾਂ ਰਾਹੀਂ ਅੰਨ੍ਹੇਵਾਹ ਪਾਣੀ ਨਿਕਲ ਜਾਣ ਕਾਰਨ ਗਰਾਊੁਂਡ ਵਾਟਰ ਲੈਵਲ ਤੇਜ਼ੀ ਨਾਲ ਡਾਊਨ ਜਾ ਰਿਹਾ ਹੈ। ਉਸ ਦੇ ਹੱਲ ਲਈ ਵਾਟਰ ਸਪਲਾਈ ਵਿਚ ਕਟੌਤੀ ਦੀ ਸਿਫਾਰਸ਼ ਤਾਂ ਮਾਹਿਰਾਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਸਿਆਸੀ ਦਬਾਅ ਕਾਰਨ ਇਸ ਬਾਰੇ ਫੈਸਲਾ ਨਾ ਹੋਣ ਦੌਰਾਨ ਪਾਣੀ ਨੂੰ ਪੀਣ ਯੋਗ ਬਣਾਉਣ ਦੀ ਯੋਜਨਾ 'ਤੇ ਵਿਚਾਰ ਸ਼ੁਰੂ ਹੋਇਆ, ਜਿਸ ਤਹਿਤ ਬਾਕਾਇਦਾ ਵਰਲਡ ਬੈਂਕ ਦੀ ਟੀਮ ਨੇ ਸਟੱਡੀ ਕਰ ਕੇ ਡੀ. ਪੀ. ਆਰ. ਵੀ ਤਿਆਰ ਕਰ ਦਿੱਤੀ, ਜਦੋਂ ਕਿ ਲਾਗਤ ਦਾ ਅੰਕੜਾ 2500 ਕਰੋੜ ਨੂੰ ਪਾਰ ਕਰਨ ਕਾਰਨ ਉਸ ਯੋਜਨਾ 'ਤੇ ਅਮਲ ਲਟਕ ਗਿਆ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਬਣਾਏ ਜਾਣ ਵਾਲੇ ਸ਼ਹਿਰਾਂ 'ਚ ਲੁਧਿਆਣਾ ਦੀ ਚੋਣ ਹੋਣ 'ਤੇ ਨਹਿਰੀ ਪਾਣੀ ਨੂੰ ਪੀਣਯੋਗ ਬਣਾਉਣ ਦੀ ਪਹਿਲਾਂ ਤੋਂ ਬਣੀ ਯੋਜਨਾ ਦੀ ਚੋਣਵੇਂ ਏਰੀਏ ਤੋਂ ਸ਼ੁਰੂਆਤ ਕਰਨ ਦਾ ਪ੍ਰਸਤਾਵ ਬਣਾਇਆ ਗਿਆ, ਜਿਸ ਵਿਚ ਗਰਾਊਂਡ ਵਾਟਰ ਲੈਵਲ ਤੋਂ ਇਲਾਵਾ ਬਿਜਲੀ ਬਚਾਉਣ ਦਾ ਪਹਿਲੂ ਮੁੱਖ ਤੌਰ 'ਤੇ ਸ਼ਾਮਲ ਹੈ, ਜਿਸ ਦੇ ਆਧਾਰ ਤੇ ਕੰਸਲਟੈਂਟ ਵੱਲੋਂ ਤਿਆਰ ਕੀਤੀ ਗਈ ਡੀ. ਪੀ. ਆਰ. ਨੂੰ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ 'ਚ ਮਨਜ਼ੂਰੀ ਮਿਲਣ ਨਾਲ ਜਲਦੀ ਟੈਂਡਰ ਲਾਏ ਜਾਣ ਦਾ ਰਸਤਾ ਸਾਫ ਹੋ ਗਿਆ ਹੈ।
ਇਹ ਹਨ ਐਗਜ਼ੀਟਿਊਟਿਵ ਕਮੇਟੀ ਦੇ ਮੈਂਬਰ
* ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀਜ਼
* ਨਗਰ ਨਿਗਮ ਤੇ ਪੁਲਸ ਕਮਿਸ਼ਨਰ
* ਡੀ. ਸੀ., ਐਡੀਸ਼ਨਲ ਕਮਿਸ਼ਨਰ
* ਪੀ. ਐੱਸ. ਆਈ., ਡੀ. ਸੀ. ਤੇ ਐੱਮ. ਡੀ.
* ਟੈਕਨੀਕਲ ਅਡਵਾਈਜ਼ਰ ਟੂ ਸੀ. ਐੱਮ.
* ਕੰਸਲਟੈਂਟ ਕੰਪਨੀ ਦੇ ਪ੍ਰਤੀਨਿਧੀ
148 ਕਰੋੜ ਨਾਲ ਹੱਲ ਹੋਵੇਗੀ ਪਾਣੀ ਦੀ ਨਿਕਾਸੀ ਦੀ ਸਮੱਸਿਆ, ਸਟਰਾਮ ਵਾਟਰ ਚੈਨਲ ਦੇ ਨਿਰਮਾਣ ਸਮੇਤ ਅੱਪਗ੍ਰੇਡ ਹੋਵੇਗਾ ਸੀਵਰੇਜ ਸਿਸਟਮ
ਸਰਕਾਰ ਨੇ ਸਮਾਰਟ ਸਿਟੀ ਤਹਿਤ ਚੁਣੇ ਗਏ ਏਰੀਏ 'ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਕਰਨ ਨਾਲ ਜੁੜੀਆਂ ਦੋ ਯੋਜਨਾਵਾਂ ਨੂੰ ਵੀ ਕਲੀਅਰ ਕਰ ਦਿੱਤਾ ਹੈ। ਇਸ ਤਹਿਤ ਪੂਰੇ ਏਰੀਏ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟਰਾਮ ਵਾਟਰ ਚੈਨਲ ਦਾ ਨਿਰਮਾਣ ਕੀਤਾ ਜਾਵੇਗਾ, ਜਿਸ 'ਤੇ 108 ਕਰੋੜ ਦੀ ਲਾਗਤ ਆਵੇਗੀ। ਇਸੇ ਤਰ੍ਹਾਂ 40 ਕਰੋੜ ਨਾਲ ਇਨ੍ਹਾਂ ਇਲਾਕਿਆਂ ਦੇ ਮੌਜੂਦਾ ਸੀਵਰੇਜ ਦੀ ਕਪੈਸਟੀ ਵਧਾਉਣ ਜਾਂ ਲਾਈਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਹੋਵੇਗਾ, ਜਿਸ ਸਬੰਧੀ ਬਣਾਈ ਗਈ ਡੀ. ਪੀ. ਆਰ. ਵਿਚ ਕੁੱਝ ਇਲਾਕਿਆਂ 'ਚ ਨਵੀਂ ਸੀਵਰੇਜ ਲਾਈਨਾਂ ਵਿਛਾਉਣ ਦਾ ਪਹਿਲੂ ਵੀ ਸ਼ਾਮਲ ਕੀਤਾ ਗਿਆ ਹੈ।
ਅਗਲੇ ਹਫਤੇ ਜਾਰੀ ਹੋਵੇਗਾ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦਾ ਵਰਕ ਆਰਡਰ
ਨਗਰ ਨਿਗਮ ਨੇ ਸਟਰੀਟ ਲਾਈਟਾਂ ਤੇ ਐੱਲ. ਈ. ਡੀ. ਪੁਆਇੰਟ ਲਾਉਣ ਦੀ ਕਰੀਬ ਇਕ ਦਹਾਕੇ ਪੁਰਾਣੀ, ਜਿਸ ਯੋਜਨਾ ਨੂੰ ਸਮਾਰਟ ਸਿਟੀ ਮਿਸ਼ਨ ਦਾ ਹਿੱਸਾ ਬਣਾ ਕੇ ਟੈਂਡਰ ਲਾਏ ਸਨ, ਉਨ੍ਹਾਂ 'ਤੇ ਵੀ ਐਗਜ਼ੀਕਿਊਟਿਵ ਕਮੇਟੀ ਦੀ ਮੋਹਰ ਲੱਗ ਗਈ ਹੈ, ਜਿਸ ਤਹਿਤ ਕੰਪਨੀ ਨੂੰ ਅਗਲੇ ਹਫਤੇ ਵਰਕ ਆਰਡਰ ਜਾਰੀ ਹੋ ਸਕਦਾ ਹੈ। ਇਸ ਕੰਪਨੀ ਨੇ ਆਪਣੇ ਖਰਚੇ 'ਤੇ ਕਰੀਬ ਇਕ ਲੱਖ ਸਟਰੀਟ ਲਾਈਟਾਂ ਤੇ ਐੱਲ. ਈ. ਡੀ. ਪੁਆਇੰਟ ਲਾਉਣ ਦਾ ਕੰਮ ਇਸ ਸਾਲ ਵਿਚ ਪੂਰਾ ਕਰਨਾ ਹੈ, ਜਿਸ 'ਤੇ ਆਉਣ ਵਾਲੀ ਕਰੀਬ 35 ਕਰੋੜ ਦੀ ਲਾਗਤ ਦੀ ਭਰਪਾਈ ਕੰਪਨੀ ਵੱਲੋਂ ਨਿਗਮ ਨੂੰ ਮੌਜੂਦਾ ਸਮੇਂ ਵਿਚ ਆ ਰਹੇ ਸਟਰੀਟ ਲਾਈਟਾਂ ਦੇ ਕਰੀਬ 35 ਕਰੋੜ ਦੇ ਬਿਜਲੀ ਦੇ ਬਿੱਲਾਂ 'ਚੋਂ 63 ਫੀਸਦੀ ਤਕ ਸੇਵਿੰਗ ਦੇ ਕੇ ਕੀਤੀ ਜਾਵੇਗੀ। ਇਸ ਯੋਜਨਾ ਵਿਚ 7 ਸਾਲ ਤਕ ਸਟਰੀਟ ਲਾਈਟਾਂ ਦੇ ਆਪ੍ਰੇਸ਼ਨ ਐਂਡ ਮੇਨਟੀਨੈਂਸ ਦਾ ਜ਼ਿੰਮਾ ਵੀ ਕੰਪਨੀ ਨੂੰ ਦਿੱਤਾ ਗਿਆ ਹੈ।
ਮਲਹਾਰ ਰੋਡ ਨੂੰ ਸਮਾਰਟ ਰੋਡ ਬਣਾਉਣ ਦੇ ਪ੍ਰਸਤਾਵ ਨੂੰ ਵੀ ਮਿਲੀ ਹਰੀ ਝੰਡੀ
ਪਾਵਰਕਾਮ ਦੀ ਐੱਨ. ਓ. ਸੀ. ਦੀ ਉਡੀਕ ਵਿਚ ਕਾਫੀ ਦੇਰ ਤੱਕ ਲਟਕੇ ਰਹੇ ਮਲਹਾਰ ਰੋਡ ਨੂੰ ਸਮਾਰਟ ਰੋਡ ਬਣਾਉਣ ਦੇ ਪ੍ਰਸਤਾਵ ਨੂੰ ਵੀ ਐਗਜ਼ੀਕਿਊਟਿਵ ਕਮੇਟੀ ਦੀ ਹਰੀ ਝੰਡੀ ਮਿਲ ਗਈ ਹੈ। ਇਸ ਯੋਜਨਾ ਕਰੀਬ 23 ਕਰੋੜ ਦੀ ਲਾਗਤ ਆਵੇਗੀ, ਜਿਸ ਵਿਚ ਸਾਰੀਆਂ ਤਾਰਾਂ ਨੂੰ ਅੰਡਰ ਗਰਾਊੁਂਡ ਕਰਨ ਸਮੇਤ ਫੁੱਟਪਾਥ ਤੇ ਸਾਈਕਲ ਟਰੈਕ ਬਣਾਇਆ ਜਾਵੇਗਾ, ਵੱਖਰਾ ਪਾਰਕਿੰਗ ਜ਼ੋਨ ਮਾਰਕ ਹੋਵੇਗਾ। ਇਸ ਰੋਡ ਦੇ ਸੈਂਟਰ ਤੇ ਸਾਈਡਾਂ 'ਤੇ ਏਰੀਆ ਡਿਵੈੱਲਪ ਕਰ ਕੇ ਪਾਣੀ ਦੀ ਨਿਕਾਸੀ ਲਈ ਚੈਨਲ ਬਣਾਏ ਜਾਣੇ ਹਨ ਅਤੇ ਡਿਜ਼ਾਈਨਰ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਣਾ ਹੈ।
ਨਹੀਂ ਬਦਲੇਗਾ ਫੈਸਲਾ, ਵਿਦਿਆਰਥੀਆਂ ਨੂੰ ਮੁਸ਼ਕਿਲ ਹੋਈ ਤਾਂ ਸੈਂਟਰ ਲਿਸਟ ਹੋਵੇਗੀ ਰੀਵਿਊ
NEXT STORY