ਤਰਨਤਾਰਨ (ਰਾਜੂ, ਬਲਵਿੰਦਰ ਕੌਰ) : ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾਂ ਨੂੰ 50 ਹਜ਼ਾਰ ਦੀ ਰਿਸ਼ਵਤ ਲੈ ਕੇ ਰਿਹਾਅ ਕਰਨ ਦੇ ਮਾਮਲੇ ’ਚ ਪੁਲਸ ਨੇ ਸੀ.ਆਈ.ਏ. ਸਟਾਫ ਦੇ ਦੋ ਸਹਾਇਕ ਸਬ-ਇੰਸਪੈਕਟਰਾਂ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਬ-ਡਵੀਜ਼ਨ ਤਰਨਤਾਰਨ ਦੇ ਡੀ.ਐੱਸ.ਪੀ. ਬਰਜਿੰਦਰ ਸਿੰਘ ਨੇ ਦੱਸਿਆ ਕਿ 25 ਫਰਵਰੀ ਨੂੰ ਸੀ.ਆਈ.ਏ. ਸਟਾਫ ਤਰਨਤਾਰਨ ’ਚ ਤਾਇਨਾਤ ਏ.ਐੱਸ.ਆਈ. ਪ੍ਰਭਜੀਤ ਸਿੰਘ ਅਤੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਝਬਾਲ ਏਰੀਏ ਵਿਚ ਗਸ਼ਤ ਦੌਰਾਨ ਲਵਪ੍ਰੀਤ ਸਿੰਘ ਪੁੱਤਰ ਰੁਲਦਾ ਸਿੰਘ ਅਤੇ ਭਿੰਦਰ ਸਿੰਘ ਪੁੱਤਰ ਬਾਰਾ ਸਿੰਘ ਵਾਸੀਆਨ ਪਿੰਡ ਕੋਟ ਧਰਮ ਚੰਦ ਕਲਾਂ ਨੂੰ ਹੈਰੋਇਨ ਅਤੇ ਇਲੈਕਟ੍ਰੋਨਿਕ ਕੰਡੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪ੍ਰੰਤੂ ਉਕਤ ਮੁਲਜ਼ਮਾਂ ਨੇ ਸੀ.ਆਈ.ਏ. ਸਟਾਫ ਦੇ ਉਕਤ ਥਾਣੇਦਾਰਾਂ ਨੂੰ ਚਾਹ-ਪਾਣੀ ਲੈ ਕੇ ਮਾਮਲਾ ਰਫ਼ਾ-ਦਫ਼ਾ ਕਰਨ ਲਈ ਕਿਹਾ। ਜਿਸ ’ਤੇ ਇਨ੍ਹਾਂ ਨੇ ਉਕਤ ਮੁਲਜ਼ਮਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਲਵਪ੍ਰੀਤ ਸਿੰਘ ਦੇ ਘਰ ਵਿਚ ਬੈਠ ਕੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ। ਜਦ ਕਿ ਬਰਾਮਦ ਕੀਤੀ ਹੈਰੋਇਨ ਆਪਣੇ ਪਾਸ ਰੱਖ ਲਈ।
ਇਸ ਸਬੰਧੀ ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਮਾਮਲੇ ਦੀ ਜਾਂਚ ਉਪਰੰਤ ਰਿਪੋਰਟ ਤਿਆਰ ਕਰਕੇ ਸੀਨੀਅਰ ਪੁਲਸ ਕਪਤਾਨ ਤਰਨਤਾਰਨ ਨੂੰ ਸੌਂਪ ਦਿੱਤੀ ਗਈ। ਡੀ.ਐੱਸ.ਪੀ. ਬਰਜਿੰਦਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਪ੍ਰਭਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੈਰੋਂ, ਏ.ਐੱਸ.ਆਈ. ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭੂਸੇ ਤੋਂ ਇਲਾਵਾ ਲਵਪ੍ਰੀਤ ਸਿੰਘ ਪੁੱਤਰ ਰੁਲਦਾ ਸਿੰਘ ਅਤੇ ਭਿੰਦਰ ਸਿੰਘ ਪੁੱਤਰ ਬਾਰਾ ਸਿੰਘ ਵਾਸੀਆਨ ਕੋਟ ਧਰਮ ਚੰਦ ਕਲਾਂ ਵਿਰੁੱਧ ਥਾਣਾ ਝਬਾਲ ਮੁਕੱਦਮਾ ਨੰਬਰ 20 ਧਾਰਾ 7 ਪ੍ਰਵੇਸ਼ਨ ਆਫ ਕੁਰੱਪਸ਼ਨ ਐਕਟ 21/29/61/85 ਐੱਨ.ਡੀ.ਪੀ.ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਯੂਕ੍ਰੇਨ ਤੋਂ ਪਰਤਿਆ ਖੇੜੀ ਕਲਾਂ ਦਾ ਵਿਦਿਆਰਥੀ, ਪੰਜਾਬ ਸਰਕਾਰ ’ਤੇ ਦਿਖਾਈ ਨਾਰਾਜ਼ਗੀ
NEXT STORY