ਮੋਗਾ, (ਅਜ਼ਾਦ)-ਮੋਗਾ ਦੇ ਨੇਡ਼ਲੇ ਪਿੰਡ ਸਿੰਘਾਂਵਾਲਾ-ਤਾਰੇਵਾਲਾ ਰੋਡ ‘ਤੇ ਐਕਸਾਈਜ਼ ਵਿਭਾਗ ਵਲੋਂ ਕੀਤੀ ਗਈ ਨਾਕਾਬੰਦੀ ਤੋਡ਼ ਕੇ ਭੱਜੀ ਸ਼ਰਾਬ ਸਮਗਲਰਾਂ ਦੀ ਬੋਲੈਰੋ ਕੈਂਪਰ ਦੇ ਪਲਟਣ ਨਾਲ ਜ਼ਖਮੀ ਤਸਕਰ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਮੱਲੀਆਂ ਵਾਲਾ ਦੀ ਮੌਤ ਹੋ ਗਈ। ਜਦਕਿ ਪੁਲਸ ਨੇ ਉਸਦੇ ਸਾਥੀ ਰਮਨਦੀਪ ਸਿੰਘ ਉਰਫ ਰਮਨਾ ਨਿਵਾਸੀ ਪਿੰਡ ਤਲਵੰਡੀ ਭੰਗੇਰੀਆ ਨੂੰ ਕਾਬੂ ਕਰਕੇ ਗੱਡੀ ਵਿਚੋਂ 170 ਪੇਟੀਆਂ ਸ਼ਰਾਬ ਜੋ ਹਰਿਆਣਾ ਦੀ ਬਣੀ ਹੋਈ ਸੀ, ਬਰਾਮਦ ਕੀਤੀ।
ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਸਹਾਇਕ ਥਾਣੇਦਾਰ ਤਾਰਾ ਸਿੰਘ ਨੇ ਦੱਸਿਆ ਕਿ ਜਦ ਉਹ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਘਾਲੀ, ਹੌਲਦਾਰ ਗੋਬਿੰਦ ਰਾਮ, ਹੌਲਦਾਰ ਜਰਨੈਲ ਸਿੰਘ ਦੇ ਨਾਲ ਇਲਾਕੇ ਵਿਚ ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਾਜਵੀਰ ਸਿੰਘ, ਕੁਲਵਿੰਦਰ ਸਿੰਘ ਦੋਨੋਂ ਨਿਵਾਸੀ ਪਿੰਡ ਮੱਲੀਆਂ ਵਾਲਾ ਅਤੇ ਰਮਨਦੀਪ ਸਿੰਘ ਰਮਨਾ ਨਿਵਾਸੀ ਤਲਵੰਡੀ ਭੰਗੇਰੀਆ ਸਾਰੇ ਮਿਲ ਕੇ ਸ਼ਰਾਬ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਬਾਹਰੀ ਸੂਬਿਆਂ ਤੋਂ ਗੱਡੀ ਵਿਚ ਸ਼ਰਾਬ ਲਿਆ ਕੇ ਇਥੇ ਵਿਕਰੀ ਕਰਦੇ ਹਨ। ਸੂਚਨਾ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਅਤੇ ਅੱਜ ਸਵੇਰੇ ਪਿੰਡ ਸਿੰਘਾਂਵਾਲਾ-ਤਾਰੇਵਾਲਾ ਰੋਡ ‘ਤੇ ਨਾਕਾਬੰਦੀ ਕੀਤੀ। ਜਦ ਪੁਲਸ ਪਾਰਟੀ ਨੇ ਇਕ ਬਲੈਰੋ ਕੈਂਪਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿਚ ਸਵਾਰ ਕੁਲਵਿੰਦਰ ਸਿੰਘ ਅਤੇ ਰਮਨਦੀਪ ਸਿੰਘ ਰਮਨਾ ਨੇ ਪੁਲਸ ਨਾਕਾ ਤੋਡ਼ ਕੇ ਗੱਡੀ ਭਜਾ ਲਈ। ਤੇਜ ਰਫਤਾਰ ਹੋਣ ਕਾਰਨ ਗੱਡੀ ਪਲਟ ਗਈ। ਗੱਡੀ ਪਲਟਨ ਕਾਰਨ ਕੁਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਦਕਿ ਰਮਨਦੀਪ ਸਿੰਘ ਰਮਨਾ ਨੂੰ ਪੁਲਸ ਨੇ ਕਾਬੂ ਕਰ ਲਿਆ। ਕੁਲਵਿੰਦਰ ਸਿੰਘ ਨੂੰ ਪੁਲਸ ਪਾਰਟੀ ਵਲੋਂ ਜ਼ਖਮੀ ਹਾਲਤ ‘ਚ ਮੋਗਾ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਪਰ ਉਥੇ ਉਸਨੇ ਦਮ ਤੋਡ਼ ਦਿੱਤਾ।
ਸਹਾਇਕ ਥਾਣੇਦਾਰ ਤਾਰਾ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਕਥਿਤ ਤਸਕਰ ਬੁਲੈਰੋ ਕੈਂਪਰ ਗੱਡੀ ਵਿਚ 200 ਪੇਟੀਆਂ ਸ਼ਰਾਬ ਅੰਬਾਲਾ (ਹਰਿਆਣਾ) ਤੋਂ ਲੈਕੇ ਆਏ ਸਨ, ਜਿਸ ਵਿਚੋਂ ਉਨ੍ਹਾਂ ਨੇ 30 ਪੇਟੀਆਂ ਸ਼ਰਾਬ ਮੋਗਾ ਵਿਚ ਕਿਸੇ ਨੂੰ ਦੇ ਦਿੱਤੀਆਂ ਸਨ ਅਤੇ ਬਾਕੀ 170 ਪੇਟੀਆਂ ਦੇਣ ਦੇ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿਚ ਰਾਜਵੀਰ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਕੀਤੀ ਸਹਾਇਕ ਖੇਡ ਅਫਸਰਾਂ ਦੀ ਅਸਾਮੀ ਖਤਮ
NEXT STORY