ਸੰਗਰੂਰ (ਵਿਵੇਕ ਸਿੰਧਵਾਨੀ, ਸਿੰਗਲਾ)- ਜ਼ਿਲ੍ਹਾ ਪੁਲਸ ਸੰਗਰੂਰ ਨੇ ਗਰੀਬ ਪ੍ਰਵਾਸੀ ਮਜ਼ਦੂਰਾਂ ਅਤੇ ਲੇਬਰ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਪਿੰਡ ਗੁਰਦਾਸਪੁਰਾ ਦੇ ਨਜ਼ਦੀਕ ਝੋਨਾ ਲਗਾਉਣ ਆਈ ਮਾਸੂਮ ਲੇਬਰ ਤੋਂ ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਕਰਨ ਵਾਲੇ 3 ਦੋਸ਼ੀਆਂ ਨੂੰ ਪੁਲਸ ਨੇ ਵਾਰਦਾਤ ਦੇ ਮਹਿਜ਼ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਲੁੱਟੀ ਗਈ ਨਕਦੀ, ਵਾਰਦਾਤ ’ਚ ਵਰਤਿਆ ਤੇਜ਼ਧਾਰ ਹਥਿਆਰ (ਦਾਹ ਲੋਹਾ) ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਤਿੰਨੋਂ ਮੁਲਜ਼ਮ ਪੁਰਾਣੇ ਆਦਤਨ ਅਪਰਾਧੀ ਹਨ, ਜਿਸ ਕਾਰਨ ਪੁਲਸ ਨੇ ਇਨ੍ਹਾਂ ’ਤੇ ਸਖਤ ਧਾਰਾ ਵੀ ਲਗਾਈ ਹੈ।
ਝੋਨੇ ਦੇ ਸੀਜ਼ਨ ਦੌਰਾਨ ਲੇਬਰ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਮੁਸਤੈਦ
ਡਾ. ਰਵਜੋਤ ਗਰੇਵਾਲ, ਐੱਸ. ਐੱਸ. ਪੀ. ਸੰਗਰੂਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਜੀਰੀ ਦੇ ਸੀਜ਼ਨ ਦੌਰਾਨ ਲੇਬਰ ਦੀ ਸੁਰੱਖਿਆ ਪੁਲਸ ਲਈ ਬੇਹੱਦ ਅਹਿਮ ਹੈ। ਉਨ੍ਹਾਂ ਦੱਸਿਆ ਕਿ ਮਿਤੀ 11 ਜੁਲਾਈ 2026 ਨੂੰ ਗੁਰਦਾਸਪੁਰਾ ਲਿੰਕ ਰੋਡ ਸੂਏ ਦੇ ਕੋਲ ਖੇਤਾਂ ’ਚ ਜੀਰੀ ਲਗਾਉਣ ਆਈ ਲੇਬਰ ਪਾਸੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 65,000 ਰੁਪਏ ਦੀ ਨਕਦੀ ਖੋਹ ਲਈ ਸੀ। ਗਰੀਬ ਮਜ਼ਦੂਰਾਂ ਨਾਲ ਹੋਈ ਇਸ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ-1 ਸੰਗਰੂਰ ਵਿਖੇ ਮੁਕੱਦਮਾ ਨੰਬਰ 101 ਦਰਜ ਕਰ ਕੇ ਬਾਰੀਕੀ ਨਾਲ ਤਫਤੀਸ਼ ਸ਼ੁਰੂ ਕੀਤੀ।
ਵੱਖ-ਵੱਖ ਟੀਮਾਂ ਗਠਿਤ ਕਰ ਕੇ 24 ਘੰਟਿਆਂ ’ਚ ਦੋਸ਼ੀ ਦਬੋਚੇ
ਐੱਸ. ਐੱਸ. ਪੀ. ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਦਵਿੰਦਰ ਅੱਤਰੀ ਕਪਤਾਨ ਪੁਲਸ (ਇੰਨਵੈਸਟੀਗੇਸ਼ਨ), ਸੁਖਦੇਵ ਸਿੰਘ ਡੀ. ਐੱਸ. ਪੀ. (ਡਿਟੈਕਟਿਵ) ਅਤੇ ਦਲਬੀਰ ਸਿੰਘ ਗਰੇਵਾਲ ਡੀ. ਐੱਸ. ਪੀ. ਸਬ ਡਵੀਜ਼ਨ ਸੰਗਰੂਰ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ। ਇਸ ’ਚ ਇੰਸਪੈਕਟਰ ਸੁਖਦੀਪ ਸਿੰਘ (ਮੁੱਖ ਅਫਸਰ ਥਾਣਾ ਸਿਟੀ-1) ਅਤੇ ਇੰਸਪੈਕਟਰ ਸੰਦੀਪ ਸਿੰਘ (ਇੰਚਾਰਜ ਸੀ. ਆਈ. ਏ. ਸੰਗਰੂਰ) ਦੀ ਅਗਵਾਈ ’ਚ ਤਕਨੀਕੀ ਮਾਹਿਰਾਂ ਅਤੇ ਮਨੁੱਖੀ ਸੂਤਰਾਂ ਦੀ ਮਦਦ ਲਈ ਗਈ।
ਪੁਲਸ ਟੀਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ 12 ਜੁਲਾਈ 2026 ਨੂੰ ਤਿੰਨਾਂ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਮਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ (ਵਾਸੀ ਗੁਰੂ ਤੇਗ ਬਹਾਦਰ ਕਲੋਨੀ, ਸੰਗਰੂਰ), ਅਭੀਸ਼ੇਕ ਪੁੱਤਰ ਹਰਦੇਵ ਸਿੰਘ (ਵਾਸੀ ਅੰਬੇਦਕਰ ਨਗਰ, ਸੰਗਰੂਰ) ਅਤੇ ਲਵਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ (ਵਾਸੀ ਅੰਬੇਦਕਰ ਨਗਰ, ਸੰਗਰੂਰ) ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ਸਮੇਂ ਵਰਤਿਆ ਦਾਹ (ਲੋਹੇ ਦਾ ਤੇਜ਼ਧਾਰ ਹਥਿਆਰ), ਵਾਰਦਾਤ ’ਚ ਵਰਤਿਆ 1 ਮੋਟਰਸਾਈਕਲ ਅਤੇ ਲੁੱਟ ਦੀ ਰਕਮ ’ਚੋਂ 24,500 ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ।
ਪੁਲਸ ਦੀ ਪੁੱਛਗਿੱਛ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਕਿ ਕਾਬੂ ਕੀਤੇ ਗਏ ਤਿੰਨੋਂ ਨੌਜਵਾਨ ਪੇਸ਼ੇਵਰ ਮੁਲਜ਼ਮ ਹਨ। ਇਨ੍ਹਾਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਲੁੱਟ-ਖੋਹ ਅਤੇ ਚੋਰੀ ਦੇ ਕਈ ਮੁਕੱਦਮੇ ਦਰਜ ਹਨ। ਇਹ ਲੋਕ ਸੰਗਠਿਤ ਤਰੀਕੇ ਨਾਲ ਭੋਲੇ-ਭਾਲੇ ਲੋਕਾਂ ਤੇ ਬਾਹਰੋਂ ਆਈ ਲੇਬਰ ਨੂੰ ਡਰਾ-ਧਮਕਾ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ। ਪੁਲਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਇਲਾਕੇ ’ਚ ਹੋਈਆਂ ਕਈ ਹੋਰ ਵਾਰਦਾਤਾਂ ਦੇ ਹੱਲ ਹੋਣ ਦੀ ਪੂਰੀ ਉਮੀਦ ਹੈ।
ਹਾਈ ਕਮਾਂਡ ਨੇ ਮੀਟਿੰਗ ਲਈ ਬਿਠਾ ਲਏ ਚੰਨੀ ਤੇ ਰੰਧਾਵਾ, ਸੁਰਜੇਵਾਲਾ ਨਾਲ ਵੀ ਹੋਈ ਮੁਲਾਕਾਤ
NEXT STORY