ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਵਿਖੇ ਸਵੇਰੇ ਇੱਕ ਮਹਿਲਾ ਜੋ ਕਿ ਗੁਰੂ ਘਰ ਨਤਮਸਤਕ ਹੋਣ ਜਾ ਰਹੀ ਸੀ ਉਸ ਕੋਲੋਂ ਮੋਟਰਸਾਈਕਲ ਸਵਾਰ ਨਾਕਾਬਪੋਸ਼ ਝਪਟਮਾਰਾਂ ਨੇ 2 ਤੋਲੇ ਸੋਨੇ ਦੀ ਚੇਨ ਝਪਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਗੀਤਾ ਰਾਣੀ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਘਰੋਂ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ ਤੇ ਜਦੋਂ ਉਹ ਗੁਰੂ ਘਰ ਨੇੜ੍ਹੇ ਪੁੱਜੀ ਤਾਂ ਉੱਥੇ 2 ਮੋਟਰਸਾਈਕਲ ਸਵਾਰ ਜਿਨ੍ਹਾਂ ਨੇ ਚਿਹਰੇ ਢਕੇ ਹੋਏ ਸਨ, ਉਸ ਦੇ ਕੋਲੋਂ ਲੰਘੇ। ਫਿਰ ਇਕ ਵਿਅਕਤੀ ਮੋਟਰਸਾਈਕਲ ਤੋਂ ਉਤਰਿਆ ਜਿਸ ਨੇ ਪਿੱਛੋਂ ਆ ਕੇ ਉਸਦੇ ਗਲ ’ਚ ਪਾਈ ਸੋਨੇ ਦੀ ਚੇਨ ਨੂੰ ਝਪਟ ਮਾਰ ਕੇ ਖੋਹ ਲਿਆ।
ਇਹ ਦੋਵੇਂ ਮੋਟਰਸਾਈਕਲ ਸਵਾਰ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ ਅਤੇ ਉਸ ਨੇ ਰੌਲਾ ਵੀ ਪਾਇਆ ਪਰ ਸਵੇਰ ਦਾ ਟਾਈਮ ਹੋਣ ਕਾਰਨ ਬਾਜ਼ਾਰ ਬੰਦ ਸਨ ਜਿਸ ਕਾਰਨ ਇਹ ਕਿਸੇ ਦੇ ਕਾਬੂ ਨਾ ਆ ਸਕੇ। ਗੀਤਾ ਰਾਣੀ ਨੇ ਦੱਸਿਆ ਕਿ ਉਸਦੀ ਚੇਨ ਕਰੀਬ 2 ਤੋਲੇ ਦੀ ਸੀ। ਉਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਸ਼ਿਕਾਇਤ ਮਾਛੀਵਾੜਾ ਪੁਲਸ ਕੋਲ ਦਰਜ ਕਰਵਾ ਦਿੱਤਾ ਹੈ। ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਝਪਟਮਾਰ ਸੋਨੇ ਦੀ ਚੇਨ ਖੋਹ ਕੇ ਜਾ ਰਹੇ ਹਨ ਅਤੇ ਔਰਤ ਵਲੋਂ ਰੌਲਾ ਪਾਉਂਦਿਆਂ ਉਨ੍ਹਾਂ ਦਾ ਪਿੱਛਾ ਵੀ ਕੀਤਾ। ਇਸ ਸਬੰਧੀ ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਪੀੜ੍ਹਤ ਮਹਿਲਾ ਦੀ ਸ਼ਿਕਾਇਤ ਅਤੇ ਫੁਟੇਜ ਦੇ ਅਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝਪਟਮਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜੇਕਰ ਕਿਸੇ ਸਰਾਫ਼ ਨੇ ਚੋਰੀ ਦਾ ਸਮਾਨ ਖਰੀਦਿਆ ਤਾਂ ਉਸ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਥਾਣਾ ਮੁਖੀ
ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਜਿਊਲਰਜ਼ ਚੋਰਾਂ ਤੋਂ ਸੋਨੇ ਦਾ ਸਸਤਾ ਸਮਾਨ ਖਰੀਦ ਲੈਂਦੇ ਹਨ। ਇਸ ਲਈ ਉਹ ਅਜਿਹੇ ਲਾਲਚੀ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦੇ ਹਨ ਕਿ ਜੇਕਰ ਕਿਸੇ ਨੇ ਵੀ ਚੋਰਾਂ ਤੋਂ ਸਮਾਨ ਖਰੀਦਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਸ਼ੱਕੀ ਵਿਅਕਤੀ ਅਜਿਹਾ ਚੋਰੀ ਦਾ ਸਮਾਨ ਵੇਚਣ ਆਉਂਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ।
ਪੰਜਾਬ 'ਚ ਇਨ੍ਹਾਂ ਵਾਹਨਾਂ 'ਤੇ ਹੋਈ ਸਖ਼ਤੀ, ਪੁਲਸ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ
NEXT STORY