ਰਾਏਕੋਟ, (ਭੱਲਾ)- ਬੀਤੀ ਦੇਰ ਸ਼ਾਮ ਰਾਏਕੋਟ-ਬਰਨਾਲਾ ਰੋਡ ’ਤੇ ਸਥਿਤ ਪਿੰਡ ਦੱਧਾਹੂਰ ਨਜ਼ਦੀਕ ਪੁਲਸ ਦੀ ਬੱਸ ਅਤੇ ਇਕ ਕਾਰ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਪਿੰਡ ਮਹਿਲ ਕਲਾਂ (ਬਰਨਾਲਾ) ਦੇ ਨੌਜਵਾਨ ਫ਼ੌਜੀ ਦੀ ਮੌਤ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਿੰਡ ਮਹਿਲ ਕਲਾਂ (ਬਰਨਾਲਾ) ਦਾ ਵਸਨੀਕ ਫ਼ੌਜੀ ਕੁਲਵਿੰਦਰ ਸਿੰਘ (26) ਪੁੱਤਰ ਕੇਵਲ ਸਿੰਘ ਪੱਲੇਦਾਰ ਜੋ ਇਕ ਵਿਆਹ ਸਮਾਗਮ ’ਚ ਹਿੱਸਾ ਲੈਣ ਤੋਂ ਬਾਅਦ ਕਾਰ ਰਾਹੀਂ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ, ਜਦੋਂ ਉਹ ਪਿੰਡ ਦੱਧਾਹੂਰ ਨਜ਼ਦੀਕ ਪੁੱਜਿਆ ਤਾਂ ਕੂਹਣੀ ਮੋੜ ਹੋਣ ਕਾਰਣ ਬਰਨਾਲਾ ਸਾਈਡ ਤੋਂ ਆ ਰਹੀ ਪੰਜਾਬ ਪੁਲਸ ਕਪੂਰਥਲਾ ਦੀ ਬੱਸ ਨਾਲ ਉਸਦੀ ਕਾਰ ਟਕਰਾਅ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਕਾਰ ਸਵਾਰ ਨੌਜਵਾਨ ਫ਼ੌਜੀ ਕੁਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਜ਼ਖਮਾਂ ਦੀ ਤਾਬ ਨਾ ਝਲਦੇ ਮੌਕੇ ’ਤੇ ਹੀ ਦਮ ਤੋੜ ਗਿਆ। ਟੱਕਰ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਮੁਸ਼ਕਿਲ ਨਾਲ ਮ੍ਰਿਤਕ ਦੀ ਲਾਸ਼ ਨੂੰ ਗੱਡੀ ’ਚੋਂ ਬਾਹਰ ਕੱਢਿਆ।
ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਰਾਏਕੋਟ ਦੇ ਮੁਖੀ ਅਜੈਬ ਸਿੰਘ ਅਤੇ ਜਲਾਲਦੀਵਾਲ ਚੌਕੀ ਇੰਚਾਰਜ ਪਹਾੜਾ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਮ੍ਰਿਤਕ ਫੌਜੀ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪਿਤਾ ਕੇਵਲ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵਿੰਦਰ ਸਿੰਘ ਉਰਫ ਭੂਰਾ 2012 ਵਿਚ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਥੋੜਾ ਚਿਰ ਪਹਿਲਾਂ ਹੀ ਵਿਆਹ ਦੇ ਬੰਧਨ ’ਚ ਬੱਝਿਆ ਸੀ ਅਤੇ ਮ੍ਰਿਤਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਫੌਜ ’ਚੋਂ ਛੁੱਟੀ ਲੈ ਕੇ ਆਇਆ ਸੀ।
ਰੇਲਵੇ ਵਿਭਾਗ ਨੇ ਨਵੀਆਂ ਚੱਲ ਰਹੀਆਂ ਗੱਡੀਆਂ ਦੀ ਸਮਾਂ ਸੂਚੀ ਕੀਤੀ ਜਾਰੀ
NEXT STORY