ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਭਾਵੇਂ ਕਿ ਕੇਂਦਰ ਤੇ ਰਾਜ ਸਰਕਾਰਾਂ ਮਿਹਨਤਕਸ਼ ਮਜ਼ਦੂਰਾਂ ਨੂੰ ਲੱਕਤੋੜਵੀਂ ਮਿਹਨਤ ਬਦਲੇ ਰਿਆਇਤਾਂ ਤੇ ਸਹੂਲਤਾਂ ਦੇਣ ਦੇ ਪ੍ਰੰਪਰਾਗਤ ਵਾਅਦੇ ਤੇ ਦਾਅਵੇ ਕਰਦੀਆਂ ਰਹੀਆਂ ਹਨ ਪਰ ਇਨ੍ਹਾਂ ਵਾਅਦਿਆਂ ਨੂੰ ਜ਼ਮੀਨੀ ਪੱਧਰ 'ਤੇ ਕਦੇ ਵੀ ਵਫਾਦਾਰੀ ਦਾ ਬੂਰ ਨਹੀਂ ਪਿਆ। ਮਜ਼ਦੂਰ ਦੇ ਸਰਕਾਰੀ ਰਹਿਮੋ -ਕਰਮ ਲਈ ਅੱਡੇ ਹੱਥਾਂ ਚ ਹਮੇਸ਼ਾ ਨਿਰਾਸ਼ਤਾ ਹੀ ਪਈ ਹੈ। ਉਸ ਨੂੰ ਲੱਕ-ਤੋੜ ਮਿਹਨਤ ਬਦਲੇ ਮਿਲਿਆ ਨਿਗੂਣਾ ਮੁੱਲ ਆਰਥਿਕ ਮੰਦਹਾਲੀ ਨੂੰ ਇੱਥੋਂ ਤੱਕ ਗੰਭੀਰ ਕਰਦਾ ਪੁੱਜ ਗਿਆ ਕਿ ਮਜ਼ਦੂਰ ਖੁਦਕੁਸ਼ੀ ਲਈ ਮਜਬੂਰ ਹੋ ਗਿਆ। ਇਸ ਦਾ ਸਭ ਤੋਂ ਵੱਡਾ ਨੁਕਸਾਨ ਖੇਤੀ ਸੈਕਟਰ ਨਾਲ ਜੁੜੇ ਖੇਤ ਮਜ਼ਦੂਰ ਨੂੰ ਹੋਇਆ ਕਿਉਂਕਿ ਖੁਦਕੁਸ਼ੀਆਂ ਦੇ ਦੌਰ ਨਾਲ ਜੁੜੇ ਕਿਸਾਨਾਂ 'ਚ ਪੇਂਡੂ ਸਮਾਜਚਾਰੇ ਤੇ ਖੇਤ ਮਜ਼ਦੂਰ ਦਸਤਕਾਰੀ ਨਾਲ ਜੁੜੇ ਕਿਰਤੀ ਲੋਕਾਂ ਦਾ ਵੱਡਾ ਹਿੱਸਾ ਮੌਜੂਦ ਸੀ। ਇਹ ਭਿਆਨਕ ਤ੍ਰਾਸਦੀ ਹਰੇ ਇਨਕਲਾਬ ਤੋਂ ਬਾਅਦ ਲੰਮੇ ਅਰਸੇ ਤੋਂ ਅੱਜ ਤੱਕ ਸੰਘਰਸ਼ਸ਼ੀਲ ਰਹੇ ਖੇਤ ਮਜ਼ਦੂਰਾਂ ਸਿਰ ਉਦੋਂ ਪਈ ਜਦੋਂ ਉਨ੍ਹਾਂ ਕੋਲ ਖੁਦਕੁਸ਼ੀ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ। ਅੱਜ ਖੁਦਕੁਸ਼ੀਆਂ ਦੇ ਜੋ ਅੰਕੜੇ ਉਜਾਗਰ ਹੋ ਰਹੇ ਹਨ, ਉਨ੍ਹਾਂ 'ਚ ਖੇਤ ਮਜ਼ਦੂਰ ਦੀ ਹਾਲਤ ਹਰ ਵਿਅਕਤੀ ਨੂੰ ਹੰਝੂ ਕੇਰਨ ਲਈ ਮਜਬੂਰ ਕਰ ਰਹੀ ਹੈ।
ਕੀ ਹਨ ਭਿਆਨਕ ਤੱਥ?
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵਲੋਂ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਮੁੱਦੇ 'ਤੇ ਜੋ ਸਰਵੇ ਕੀਤਾ ਗਿਆ, ਉਸ ਮੁਤਾਬਿਕ ਸੰਗਰੂਰ, ਬਠਿੰਡਾ ਮਾਨਸਾ, ਲੁਧਿਆਣਾ ਤੇ ਮੋਗਾ ਜ਼ਿਲਿਆਂ ਚ 14,667 ਖੁਦਕੁਸ਼ੀਆਂ ਦੇ ਅੰਕੜੇ ਰਿਕਾਰਡ ਕੀਤੇ ਗਏ ਹਨ। ਸੰਨ 2000 ਤੋਂ 2015 ਤੱਕ ਦੇ ਅਰਸੇ 'ਚ ਹੋਈਆਂ ਇਨ੍ਹਾਂ ਖੁਦਕੁਸ਼ੀਆਂ 'ਚ 44 ਫੀਸਦੀ ਹਿੱਸਾ ਖੇਤ ਮਜ਼ਦੂਰਾਂ ਦਾ ਰਿਕਾਰਡ ਕੀਤਾ ਗਿਆ ਹੈ, ਜਿਨ੍ਹਾਂ ਦੀ ਕੁੱਲ ਗਿਣਤੀ 6373 ਦੱਸੀ ਗਈ ਹੈ। ਸਰਵੇ ਅਨੁਸਾਰ ਖੇਤ ਮਜ਼ਦੂਰਾਂ ਦੀ ਆਬਾਦੀ ਕਿਸਾਨਾਂ ਤੋਂ 6 ਫੀਸਦੀ ਘੱਟ ਹੈ। ਪੰਜਾਬ ਭਰ 'ਚ ਇਸ ਸਮੇਂ 20 ਲੱਖ ਕਿਸਾਨਾਂ ਦੇ ਮੁਕਾਬਲੇ 15 ਲੱਖ ਖੇਤ ਮਜ਼ਦੂਰ ਹਨ । ਸਰਵੇ ਦੌਰਾਨ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤਹਿਤ ਇਕ ਲੱਖ ਕਿਸਾਨਾਂ 'ਤੇ ਇਕ ਲੱਖ ਖੇਤ ਮਜ਼ਦੂਰਾਂ ਪਿੱਛੇ 26-26 ਵਿਅਕਤੀ ਖੁਦਕੁਸ਼ੀ ਕਰਦੇ ਹਨ। ਇਹ ਅੰਕੜਾ ਖੇਤ ਮਜ਼ਦੂਰਾਂ ਦੇ ਸੰਕਟ ਦੀ ਗੰਭੀਰ ਪੁਸ਼ਟੀ ਕਰਦਾ ਹੈ । ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਜਿਨ੍ਹਾਂ 7 ਜ਼ਿਲਿਆਂ ਦਾ ਸਰਵੇ ਕੀਤਾ ਹੈ, ਉਸ ਅਨੁਸਾਰ ਕੁੱਲ ਖੁਦਕੁਸ਼ੀਆਂ ਦਾ 53.87 ਫੀਸਦੀ ਹਿੱਸਾ ਖੇਤ ਮਜ਼ਦੂਰਾਂ ਦਾ ਸ਼ਾਮਲ ਹੈ।
ਸਰਵੇ ਅਨੁਸਾਰ ਖੇਤ ਮਜ਼ਦੂਰਾਂ ਦੀਆਂ 77 ਫੀਸਦੀ ਖੁਦਕੁਸ਼ੀਆਂ ਕਰਜ਼ੇ ਦੀ ਵਜ੍ਹਾ ਕਾਰਨ ਹੋਈਆਂ ਹਨ ਜਦਕਿ ਖੇਤ ਮਜ਼ਦੂਰ ਯੂਨੀਅਨ ਇਨ੍ਹਾਂ ਖੁਦਕੁਸ਼ੀਆਂ ਦਾ 85 ਫੀਸਦੀ ਕਰਜ਼ੇ ਨੂੰ ਮੰਨਦੀਆਂ ਹਨ। ਯੂਨੀਅਨ ਦੇ ਦਾਅਵੇ ਅਨੁਸਾਰ ਹਰ ਖੇਤ ਮਜ਼ਦੂਰ ਸਿਰ ਔਸਤਨ 91 ਹਜ਼ਾਰ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 2016-17 ਦੇ ਅਧਿਐਨ 'ਤੇ ਇਕ ਨਜ਼ਰ ਮਾਰੀਏ ਤਾਂ ਇਸ ਅਰਸੇ ਦੌਰਾਨ ਖੁਦਕੁਸ਼ੀ ਕਰਨ ਵਾਲੇ ਲੋਕਾਂ 'ਚ 50 ਫੀਸਦੀ ਗਿਣਤੀ ਖੇਤ ਮਜ਼ਦੂਰਾਂ ਦੀ ਰਿਕਾਰਡ ਕੀਤੀ ਗਈ ਹੈ। ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਦਾ 90 ਫੀਸਦੀ ਹਿੱਸਾ ਗੈਰ-ਸੰਸਥਾਈ ਸ੍ਰੋਤਾਂ ਦਾ ਦੱਸਿਆ ਗਿਆ ਹੈ ਜਦਕਿ 10 ਫੀਸਦੀ ਸੰਸਥਾਈ ਸ੍ਰੋਤਾਂ ਦਾ ਮੰਨਿਆ ਜਾ ਰਹਾ ਹੈ। ਖੇਤ ਮਜ਼ਦੂਰਾਂ ਸਿਰ 2016-17 ਦੇ ਸਰਵੇ ਅਨੁਸਾਰ 70,000 ਤੋਂ ਲੈ ਕੇ 2,20,000 ਰੁਪਏ ਤੱਕ ਦਾ ਕਰਜ਼ਾ ਚੜ੍ਹਿਆ, ਜੋ ਕਿ 2010-11 ਦੌਰਾਨ 27 ਹਜ਼ਾਰ ਤੋਂ 37,500 ਤੱਕ ਸੀ।
ਕਿਸਾਨ ਮਜ਼ਦੂਰ ਖੁਦਕੁਸ਼ੀਆਂ ਸਬੰਧੀ ਰਿਪੋਰਟ ਦਾ ਦੁਖਾਂਤ
ਪੰਜਾਬ ਵਿਧਾਨ ਸਭਾ ਦੇ ਜੂਨ 2017 ਦੇ ਸੈਸ਼ਨ ਦੌਰਾਨ ਗਠਿਤ ਕੀਤੀ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਸਬੰਧੀ 5 ਮੈਂਬਰੀ ਕਮੇਟੀ ਨੇ ਜੋ ਰਿਪੋਰਟ ਪੇਸ਼ ਕੀਤੀ ਹੈ, ਉਸ ਪ੍ਰਤੀ ਵੀ ਕਿਰਤੀ ਵਰਗ 'ਚ ਨਿਰਾਸ਼ਤਾ ਹੀ ਪੈਦਾ ਹੋਈ ਹੈ। ਇਸ ਵਿਚ ਕਿਸਾਨ ਹਿਤੈਸ਼ੀ ਧਿਰਾਂ ਵਲੋਂ 10 ਲੱਖ ਰੁਪਏ ਮੁਆਵਜ਼ੇ ਦੀ ਕੀਤੀ ਜਾ ਰਹੀ ਮੰਗ ਨੂੰ ਜਿੱਥੇ ਮੂਲੋਂ ਅਣਗੌਲਿਆ ਕੀਤਾ ਹੈ, ਉਥੇ ਕਿਰਤੀ ਵਰਗ ਦੀਆਂ ਉਨ੍ਹਾਂ ਆਸਾਂ 'ਤੇ ਵੀ ਪਾਣੀ ਫਿਰਿਆ ਹੈ, ਜੋ ਉਨ੍ਹਾਂ ਚੋਣਾਂ ਤੋਂ ਪਹਿਲਾਂ ਕੀਤੇ ਚੋਣ ਵਾਅਦਿਆਂ ਤੋਂ ਲਾਈਆਂ ਸਨ ।
ਮਜ਼ਦੂਰ ਦਿਵਸ ਬਨਾਮ ਮਜ਼ਦੂਰ ਤ੍ਰਾਸਦੀ
ਹਰ ਵਰ੍ਹੇ ਪਹਿਲੀ ਮਈ ਮਜ਼ਦੂਰ ਦਿਵਸ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ ਇਸ ਦਾ ਇਤਿਹਾਸਕ ਪੱਖ 1 ਮਈ 1886 ਦੇ ਉਸ ਦਿਨ ਨਾਲ ਜੁੜਿਆ ਹੈ, ਜਿਸ ਦਿਨ ਸ਼ਿਕਾਗੋ ਸ਼ਹਿਰ ਦੇ ਹੇਅ ਮਾਰਕੀਟ ਸਕੁਏਅਰ ਵਿਚ ਮਜ਼ਦੂਰਾਂ ਵਲੋਂ 8 ਘੰਟੇ ਕੰਮ ਕਰਨ ਦੀ ਵਿਵਸਥਾ ਤੋੜ ਕੇ ਸਰਮਾਏਦਾਰ ਧਿਰਾਂ ਵਲੋਂ ਵੱਧ ਸਮਾਂ ਡਿਊਟੀ ਲੈਣ ਦੇ ਵਿਰੋਧ 'ਚ ਮੁਜ਼ਾਹਰਾ ਕਰ ਰਹੇ ਮਜ਼ਦੂਰ ਸੰਗਠਨਾਂ 'ਤੇ ਪੁਲਸ ਵਲੋਂ ਗੋਲੀਆਂ ਚਲਾਈਆਂ ਗਈਆਂ ਤੇ ਮਜ਼ਦੂਰ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। 8 ਮਜ਼ਦੂਰ ਆਗੂਆਂ ਨੂੰ ਇਸ ਦੋਸ਼ ਤਹਿਤ ਨਾਮਜ਼ਦ ਕਰਨ ਉਪਰੰਤ 11 ਨਵੰਬਰ 1887 ਨੂੰ ਚਾਰ ਆਗੂਆਂ ਨੂੰ ਫਾਂਸੀ ਦੇ ਦਿੱਤੀ ਗਈ। ਇਸ ਕੌੜੀ ਯਾਦ ਨੂੰ ਮਜ਼ਦੂਰ ਵਰਗ 1 ਮਈ ਨੂੰ ਜਿੱਥੇ ਅੱਜ ਤੱਕ ਪ੍ਰੰਪਰਾਗਤ ਦਿਵਸ ਵਜੋਂ ਮਨਾਉਂਦਾ ਆ ਰਿਹਾ ਹੈ ਤੇ ਆਪਣੇ ਬੁਨਿਆਦੀ ਹਿੱਤਾਂ ਪ੍ਰਤੀ ਭਰਾਤਰੀ ਵਰਗ ਨੂੰ ਜਾਗਰੂਕ ਕਰਦਾ ਆ ਰਿਹਾ ਹੈ। ਹਰ ਮਈ ਦਿਵਸ ਮੌਕੇ ਮਜ਼ਦੂਰ ਵਰਗ ਵਲੋਂ ਆਪਣੇ ਹਿੱਤਾਂ ਪ੍ਰਤੀ ਲੜਾਈ ਜਾਰੀ ਰੱਖਣ ਦਾ ਸੰਕਲਪ ਤਿਆਰ ਕੀਤਾ ਜਾਂਦਾ ਰਿਹਾ ਹੈ ਪਰ ਇਕ ਸਦੀ ਤੋਂ ਵੱਧ ਅਰਸਾ ਬੀਤਣ ਦੇ ਬਾਵਜੂਦ ਮਜ਼ਦੂਰ ਦੀ ਆਰਥਿਕ ਦੁਰਦਸ਼ਾ 'ਚ ਸੁਧਾਰ ਤੋਂ ਵੱਧ ਨਿਘਾਰ ਆਇਆ ਹੈ। ਖੇਤ ਮਜ਼ਦੂਰਾਂ ਦੀ ਇਹ ਦਸ਼ਾ ਹਰੇ ਇਨਕਲਾਬ ਤੋਂ ਬਾਅਦ ਨਿਰੰਤਰ ਦੁਰਦਸ਼ਾ ਵੱਲ ਵਧਦੀ ਗਈ । ਆਜ਼ਾਦ ਭਾਰਤ 'ਚ ਮੁਜ਼ਾਰਾ ਲਹਿਰ ਚੱਲੀ ਤੇ ਮਜ਼ਦੂਰ ਵਰਗ ਨੇ ਕਿਸਾਨ ਸੰਘਰਸ਼ ਦਾ ਇਕ ਹਿੱਸਾ ਬਣ ਕੇ ਜ਼ਮੀਨ ਮਾਲਕੀ ਲਈ ਲੰਮਾ ਅਰਸਾ ਸੰਘਰਸ਼ ਕੀਤਾ ਪਰ ਉਹ ਨਵੀਂ ਵਿਵਸਥਾ 'ਚ ਸੀਰੀ ਦਾ ਸੀਰੀ ਹੀ ਰਿਹਾ। ਵਾਧੂ ਭੂਮੀ ਦੀ ਤਕਸੀਮ ਮੌਕੇ ਵੀ ਕਮਜ਼ੋਰ ਰਾਜਸੀ ਸ਼ਕਤੀ ਅਤੇ ਕਾਨੂੰਨੀ ਗੁੰਝਲਾਂ ਕਾਰਨ ਖੇਤ ਮਜ਼ਦੂਰ ਪੱਛੜ ਗਿਆ। ਹਰੇ ਇਨਕਲਾਬ ਮੌਕੇ ਐਗਰੀਕਲਚਰ ਖੇਤਾਂ 'ਚ ਪੂੰਜੀ ਪ੍ਰਵੇਸ਼ ਤੇ ਮੰਡੀ ਦਾ ਵਿਸਥਾਰ ਹੋਇਆ ਤਾਂ ਕਿਸਾਨਾਂ ਲਈ ਕਿਰਤ ਨੇ ਖੁਸ਼ਹਾਲੀ ਦਾ ਇਕ ਰਾਹ ਖੋਲ੍ਹ ਦਿੱਤਾ ਪਰ ਪ੍ਰੰਪਰਾਗਤ ਸੀਰੀ ਨੌਕਰ ਦਾ ਲੇਬਲ ਲਾ ਕੇ ਵੀ ਖੇਤ ਮਜ਼ਦੂਰ ਤੱਕ ਹੀ ਸੀਮਤ ਰਹਿ ਗਿਆ। ਹੌਲੀ-ਹੌਲੀ ਯੂ.ਪੀ. ਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਦਾ ਧਾਵਾ ਐਗਰੀਕਲਚਰ 'ਤੇ ਵਧਿਆ ਤਾਂ ਰਾਜ ਦੇ ਖੇਤ ਮਜ਼ਦੂਰ ਦੀ ਹਾਲਤ ਹੋਰ ਵੀ ਪਤਲੀ ਪੈ ਗਈ, ਜੋ ਖੁਦਕੁਸ਼ੀ ਦੀ ਕਗਾਰ 'ਤੇ ਆ ਪੁੱਜੀ। ਮਈ ਦਿਵਸ ਮਨਾਉਣ ਵਾਲਾ ਮਜ਼ਦੂਰ ਆਪਣਾ ਮੂਲ ਸੰਕਲਪ ਭੁੱਲ ਕੇ ਸਰਕਾਰੀ ਮਈ ਦਿਵਸ ਦੇ ਚਾਹ-ਪਕੌੜਿਆਂ ਤੱਕ ਸੀਮਤ ਹੋ ਗਿਆ।
ਮਜ਼ਦੂਰ ਵਰਗ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀ ਕਰਨ ਲਈ ਮਜਬੂਰ ਉਦੋਂ ਹੁੰਦਾ ਹੈ, ਜਦੋਂ ਨਿੱਜੀ ਕਰਜ਼ਿਆਂ ਦੀ ਪੂਰਤੀ ਲਈ ਪ੍ਰਾਪਤ ਕੀਤੇ ਕਰਜ਼ੇ ਦੀ ਵਰਤੋਂ ਬੇਲੋੜੇ ਕੰਮਾਂ ਲਈ ਕੀਤੀ ਜਾਂਦੀ ਹੈ । ਮਗਨਰੇਗਾ ਆਦਿ ਸਕੀਮਾਂ ਅਧੀਨ ਮਜ਼ਦੂਰ ਵਰਗ ਨੂੰ ਗੁਜ਼ਾਰੇ ਦੇ ਸਾਧਨ ਮੁਹੱਈਆ ਹੋਏ ਹਨ ਪਰ ਮਜ਼ਦੂਰ ਸੰਗਠਨਾਂ ਨਾਲ ਜੁੜ ਕੇ ਹੀ ਉਸ ਨੂੰ ਆਪਣੀ ਮਿਹਨਤ ਦਾ ਅਸਲ ਹੱਕ ਪ੍ਰਾਪਤ ਹੁੰਦਾ ਹੈ, ਇਸ ਲਈ ਮਿਹਨਤ ਦੇ ਨਾਲ-ਨਾਲ ਮਜ਼ਦੂਰ ਵਰਗ ਨੂੰ ਆਪਣੇ ਬੁਨਿਆਦੀ ਹੱਕਾਂ ਪ੍ਰਤੀ ਜਾਗਰੂਕਤਾ ਵੀ ਜ਼ਰੂਰੀ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਅੰਦਰ ਬਹੁ ਆਮਦ ਰੂਪੀ ਬੜ੍ਹਾਵਾ ਦੇਣਾ ਵੀ ਕਿਤੇ-ਕਿਤੇ ਪੰਜਾਬੀ ਮਜ਼ਦੂਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।”
¸ਠੇਕੇਦਾਰ ਗੁਰਨਾਮ ਸਿੰਘ, ਪ੍ਰਧਾਨ ਐੱਸ. ਏ. ਡੀ. (ਬੀ.ਸੀ. ਵਿੰਗ) ਰੂਪਨਗਰ
ਮਜ਼ਦੂਰ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਪੱਖੋਂ ਅਵੇਸਲਾ ਹੋਣ ਦੇ ਨਾਲ-ਨਾਲ ਕਿਰਤ ਪੱਖੋਂ ਵੀ ਅਵੇਸਲਾ ਹੋਇਆ ਹੈ, ਜਿਸ ਕਾਰਨ ਅਨੇਕਾਂ ਰੁਜ਼ਗਾਰ ਦੇ ਵਸੀਲਿਆਂ 'ਤੇ ਪ੍ਰਵਾਸੀ ਕਬੀਲੇ ਕਾਬਜ਼ ਹੋ ਗਏ ਹਨ। ਨਿੱਜੀ ਮੰਤਵ ਲਈ ਕਰਜ਼ੇ ਲੈ ਕੇ ਸਮਾਜਿਕ ਕਾਰਜਾਂ ਲਈ ਵਰਤਣਾ ਤੇ ਪਿੱਛੋਂ ਖੁਦਕੁਸ਼ੀ ਦਾ ਰਾਹ ਅਖਤਿਆਰ ਕਰਨਾ ਇਹ ਪੰਜਾਬ ਦੀ ਗੌਰਵਮਈ ਵਿਰਸੇ ਦਾ ਕਿਰਤੀ ਕਲਚਰ ਨਹੀਂ ਸੀ । ਕਿਤੇ -ਕਿਤੇ ਸਾਡਾ ਬੁਨਿਆਦੀ ਤੇ ਸਵੈ- ਜ਼ਿੰਮੇਵਾਰੀਆਂ ਤੋਂ ਬੇਮੁਖ ਹੋਣਾ ਇਸ ਦੁਖਾਂਤ ਦਾ ਮੁੱਢ ਬੰਨ੍ਹਦਾ ਹੈ।”
- ਜਸਵਿੰਦਰ ਸਿੰਘ ਢਿੱਲੋਂ, ਐੱਮ. ਡੀ. ਐੱਚ. ਪੀ. ਗੈਸ ਸ੍ਰੀ ਅਨੰਦਪੁਰ ਸਾਹਿਬ
ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਵਰਤਮਾਨ ਦੌਰ ਦਾ ਸਭ ਤੋਂ ਵੱਡਾ ਦੇਸ਼ ਵਿਆਪੀ ਦੁਖਾਂਤ ਹੈ ਪਰ ਇਸ ਦੇ ਹੱਲ ਲਈ ਕਿਰਤੀ ਵਰਗ ਨੂੰ ਸਰਕਾਰਾਂ 'ਤੇ ਲਾਈ ਟੇਕ ਛੱਡ ਕੇ ਸਵੈ-ਨਿਰਭਰ ਹੋਣਾ ਲਾਜ਼ਮੀ ਹੈ। ਜੇਕਰ ਸਰਕਾਰ ਕਰਜ਼ਾ ਮੁਆਫੀ ਯੋਜਨਾ ਤਹਿਤ 2 ਲੱਖ ਤੱਕ ਦੇ ਕਰਜ਼ੇ ਖੇਤ ਮਜ਼ਦੂਰਾਂ ਸਮੇਤ ਮੁਆਫ ਕਰ ਦਿੰਦੀ ਤਾਂ ਇਸ ਕਿਰਤੀ ਵਰਗ ਦਾ ਸਮੁੱਚਾ ਹਿੱਸਾ ਇਸ ਦੇ ਘੇਰੇ ਚ ਆ ਜਾਣਾ ਸੀ ਪਰ ਜੂਨ 2017 ਦੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਗਠਿਤ ਕੀਤੀ 5 ਮੈਂਬਰੀ ਕਮੇਟੀ ਨੇ ਇਹ ਸਿਫਾਰਸ਼ ਹੀ ਸਰਕਾਰ ਨੂੰ ਨਹੀਂ ਕੀਤੀ, ਜਿਸ ਕਾਰਨ ਖੇਤ ਮਜ਼ਦੂਰ ਦੀ ਸਭ ਤੋਂ ਵੱਡੀ ਆਸ ਰਾਜ ਸਰਕਾਰ ਤੋਂ ਟੁੱਟ ਗਈ ਹੈ।”
-ਬਲਵਿੰਦਰ ਸਿੰਘ ਧਨੋਆ, ਪ੍ਰਧਾਨ ਕੀਰਤੀ ਵਿਹਾਰ ਕਾਲੋਨੀ ਸੁਸਾਇਟੀ ਰੂਪਨਗਰ
4 ਚੋਰੀ ਦੇ ਮੋਟਰਸਾਈਕਲਾਂ ਸਣੇ ਸਕੇ ਭਰਾ ਗ੍ਰਿਫਤਾਰ
NEXT STORY