ਫਿਰੋਜ਼ਪੁਰ(ਕੁਮਾਰ)—ਪੰਜਾਬ ਦੇ ਖਿਡਾਰੀਆਂ ਅਤੇ ਖੇਡਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਅਤੇ ਪੰਜਾਬ ਦੀ ਖੇਡ ਨੀਤੀ ਨੂੰ ਰੀਵਿਊ ਕਰ ਕੇ ਇਥੋਂ ਦੇ ਕੋਚਾਂ ਨੂੰ ਚੰਗੀ ਟ੍ਰੇਨਿੰਗ ਲਈ ਵਿਦੇਸ਼ ਭੇਜਿਆ ਜਾਵੇਗਾ। ਇਹ ਦਾਅਵਾ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਖੇਡਾਂ ਵਿਚ ਪੱਛੜ ਗਿਆ ਹੈ ਅਤੇ ਪੰਜਾਬ ਦੇ ਖਿਡਾਰੀਆਂ ਨੂੰ ਸਹੂਲਤਾਂ ਨਹੀਂ ਮਿਲ ਸਕੀਆਂ। ਪੰਜਾਬ ਦੇ ਖਿਡਾਰੀ ਆਪਣੀ ਰੁਚੀ ਅਤੇ ਟ੍ਰੇਨਿੰਗ ਦੇ ਬਲ 'ਤੇ ਜਿੱਤ ਕੇ ਆਉਂਦੇ ਰਹੇ ਹਨ। ਰਾਣਾ ਸੋਢੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕਬੱਡੀ ਖੇਡ ਨੂੰ ਲੈ ਕੇ ਵਿਰੋਧੀ ਧਿਰ ਮੇਰੇ ਬਿਆਨ ਨੂੰ ਸਮਝ ਨਹੀਂ ਸਕੀ ਅਤੇ ਉਸ ਨੇ ਮੇਰੇ ਬਿਆਨ ਨੂੰ ਗਲਤ ਪੇਸ਼ ਕਰ ਕੇ ਉਸ 'ਤੇ ਗੰਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਪੰਜਾਬ ਵਿਚ ਕਬੱਡੀ ਦੇ ਖਿਡਾਰੀਆਂ ਨੂੰ ਵੀ ਪ੍ਰੋਤਸਾਹਿਤ ਕੀਤਾ ਜਾਵੇਗਾ ਅਤੇ ਕਬੱਡੀ ਦੇ ਮੈਚ ਪਹਿਲਾਂ ਤੋਂ ਵੀ ਵਧੀਆ ਕਰਵਾਏ ਜਾਣਗੇ ਤੇ ਪੰਜਾਬ ਕਬੱਡੀ ਤੋਂ ਵਾਂਝਾ ਨਹੀਂ ਰਹੇਗਾ। ਪੰਜਾਬ ਹਰ ਖੇਡ ਵਿਚ ਅੱਗੇ ਵਧੇਗਾ ਅਤੇ ਅਸੀਂ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਤਿਆਰ ਕਰਨ ਲਈ ਵਧੀਆ ਕੋਚ ਦੇਵਾਂਗੇ। ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵਿਚ ਟੇਲੈਂਟ ਬਹੁਤ ਜ਼ਿਆਦਾ ਹੈ ਤੇ ਉਨ੍ਹਾਂ ਨੂੰ ਅਸੀਂ ਚੰਗੀ ਟ੍ਰੇਨਿੰਗ ਦੇਵਾਂਗੇ ਅਤੇ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰਾਂਗੇ। ਕਬੱਡੀ, ਹਾਕੀ, ਸਵਿਮਿੰਗ, ਸ਼ੂਟਿੰਗ, ਵਾਲੀਬਾਲ, ਹੈਂਡਬਾਲ ਆਦਿ ਹਰ ਖੇਡ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਇਨਫਰਾਸਟਰੱਕਚਰ ਸਥਾਪਿਤ ਕਰਨ ਲਈ ਮੈਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਾਂਗਾ ਤੇ ਖਿਡਾਰੀਆਂ ਲਈ ਕੇਂਦਰ ਸਰਕਾਰ ਤੋਂ ਵੀ ਮਦਦ ਲੈ ਕੇ ਆਵਾਂਗਾ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਵੱਲੋਂ ਪੰਜਾਬ ਭਰ ਵਿਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਖੇਡ ਸਹੂਲਤਾਂ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਭਰ ਵਿਚ ਖਿਡਾਰੀਆਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਸਟੇਡੀਅਮ ਮੈਂ ਖੁਦ ਆਪਣੀ ਨਿਗਰਾਨੀ ਵਿਚ ਤਿਆਰ ਕਰਵਾਵਾਂਗਾ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਹਲਕੇ ਦੀ ਵਿਧਾਇਕਾ ਸਤਿਕਾਰ ਕੌਰ, ਲਾਡੀ ਗਹਿਰੀ, ਆਈ. ਜੀ. ਫਿਰੋਜ਼ਪੁਰ ਜੀ. ਐੱਸ. ਢਿੱਲੋਂ, ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਸਿੰਘ ਗੁੱਜਰ, ਡਿਪਟੀ ਕਮਿਸ਼ਨਰ ਰਾਮਵੀਰ, ਐੱਸ. ਐੱਸ. ਪੀ. ਫਿਰੋਜ਼ਪੁਰ ਪ੍ਰੀਤਮ ਸਿੰਘ, ਕਾਂਗਰਸ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਗੁਰਦੀਪ ਸਿੰਘ ਢਿੱਲੋਂ, ਰਵੀ ਸ਼ਰਮਾ, ਰਵੀ ਚਾਵਲਾ, ਅੰਮ੍ਰਿਤਪਾਲ ਸਿੰਘ, ਦਵਿੰਦਰ ਜੰਗ, ਨਸੀਬ ਸੰਧੂ, ਕੁਲਵੰਤ ਕਟਾਰੀਆ, ਰਾਜੂ ਸਾਈਆਂ ਵਾਲਾ, ਸ਼ਵਿੰਦਰ ਸਿੰਘ ਸੰਧੂ ਐਡਵੋਕੇਟ ਆਦਿ ਮੌਜੂਦ ਸਨ।
ਮਕਾਨ ਵੇਚਣ ਦੇ ਨਾਂ 'ਤੇ ਕੀਤੀ ਠੱਗੀ
NEXT STORY