ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਵੱਖ-ਵੱਖ ਤਰ੍ਹਾਂ ਦੇ ਵਿਦੇਸ਼ਾਂ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਦੀ ਦੇਖਰੇਖ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਅੰਦਰੋਂ ਅਤੇ ਬਾਹਰੋਂ ਵਿਦੇਸ਼ੀ ਫੁੱਲਾਂ ਨਾਲ ਬਹੁਤ ਹੀ ਵਧੀਆ ਸਜਾਵਟ ਕੀਤੀ ਗਈ ਹੈ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਕੋਨੇ-ਕੋਨੇ 'ਚ ਆਪਣੀ ਵੰਨ-ਸਵੰਨੀ ਮਹਿਕ ਫੈਲਾ ਦਿੱਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਭਾਈ ਜਾ ਰਹੀ ਇਸ ਸੇਵਾ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 100 ਦੇ ਕਰੀਬ ਕਾਰੀਗਰ ਫੁੱਲ-ਪੱਤੀਆਂ ਅਤੇ ਬੇਲ-ਬੂਟਿਆਂ ਨੂੰ ਸਜਾਉਣ 'ਚ ਲੱਗੇ ਹਨ। ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਤਿਗੁਰੂ ਪਾਤਸ਼ਾਹ ਜੀ ਦੇ 550 ਵੇਂ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਸਜਾਏ ਜਾ ਰਹੇ ਫੁੱਲ ਮਲੇਸ਼ੀਆ, ਥਾਈਲੈਂਡ, ਕੀਨੀਆ, ਸਿੰਗਾਪੁਰ ਅਤੇ ਆਸਟ੍ਰੇਲੀਆ ਤੋਂ ਇਲਾਵਾ ਹੋਰਨਾਂ ਥਾਵਾਂ ਤੋਂ ਮੰਗਵਾਏ ਗਏ ਹਨ।
ਸ੍ਰੀ ਬੇਰ ਸਾਹਿਬ ਦੇ ਮੁੱਖ ਦਰਬਾਰ ਸਾਹਿਬ ਦੀ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਇਕ ਓਂਕਾਰ ਬਣਾ ਕੇ ਸਜਾਇਆ ਗਿਆ ਹੈ। ਇਸੇ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਦੇ ਰਾਗੀ ਜਥਿਆਂ ਦੇ ਪਿਛਲੇ ਪਾਸੇ ਨੂੰ 550 ਸਾਲ ਫੁੱਲਾਂ ਨਾਲ ਲਿਖਿਆ ਗਿਆ ਹੈ। ਮੁੱਖ ਦਰਬਾਰ ਦੇ ਨਾਲ-ਨਾਲ ਦਰਸ਼ਨੀ ਡਿਊਢੀ ਤੋਂ ਸੱਚਖੰਡ ਤੱਕ ਉੱਪਰਲੀ ਮੰਜ਼ਿਲ ਦੇ ਦੋਵੇ ਪਾਸੇ ਵੀ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਮਨਮੋਹਕ ਦ੍ਰਿਸ਼ ਪੇਸ਼ ਕਰ ਰਿਹਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਕੋਮਲ ਹਸਤ ਕਮਲਾਂ ਨਾਲ ਲਗਾਈ ਗਈ ਬੇਰੀ ਸਾਹਿਬ ਦੇ ਆਲੇ ਦੁਆਲੇ ਵੱਖ-ਵੱਖ ਹਰੇ ਰੰਗ ਦੇ ਫੁੱਲ ਲਗਾਏ ਗਏ ਹਨ ਜੋ ਕਿ ਬੇਰੀ ਸਾਹਿਬ ਦੀ ਸੁੰਦਰਤਾ ਨੂੰ ਹੋਰ ਚਾਰ-ਚੰਨ ਲਗਾ ਰਹੇ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੇਰ ਸਾਹਿਬ ਕੰਪਲੈਕਸ 'ਚ ਸਥਿਤ ਸਾਰੇ ਅਹਿਮ ਥਾਵਾਂ 'ਤੇ 20 ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ।
ਐਂਥੋਡੀਅਮ, ਆਰਕਿਡ, ਲਿਲੀ, ਕਾਰਨੀਸ਼ਨ ਤੋਂ ਇਲਾਵਾ ਗੁਲਾਬ, ਡੇਜੀ ਅਤੇ ਮੋਗਰਾ ਆਦਿ ਫੁੱਲਾਂ ਨੂੰ ਲਿਆਂਦਾ ਗਿਆ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਫੁੱਲਾਂ ਦੀ ਆਲੌਕਿਕ ਸਜਾਵਟ ਦੀ ਸ਼ਲਾਘਾ ਕੀਤੀ। ਇਸ ਸਮੇਂ ਸੇਵਾ ਕਰਵਾ ਰਹੇ ਸ਼ਰਧਾਲੂਆਂ ਦੱਸਿਆ ਕਿ ਪੂਰੇ ਗੁਰਦੁਆਰਾ ਕੰਪਲੈਕਸ ਨੂੰ 100 ਕੁਇੰਟਲ ਤੋਂ ਵੱਧ ਫੁੱਲਾਂ ਨਾਲ ਸਜਾਇਆ ਜਾਵੇਗਾ। ਇਸ ਸਮੇਂ ਗੁਰਦੁਆਰਾ ਬੇਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਅਤੇ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਨੇ ਵੀ ਸ਼ਿਰਕਤ ਕੀਤੀ ।
ਬਾਬੇ ਨਾਨਕ ਨੂੰ ਸਮਰਪਿਤ ਵਿਸ਼ੇਸ਼ ਇਜਲਾਸ 'ਚੋਂ ਸਿੱਧੂ ਗੈਰ ਹਾਜ਼ਰ
NEXT STORY