ਸੁਲਤਾਨਪੁਰ ਲੋਧੀ (ਸੋਢੀ)— ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਲਈ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਸ਼ੇਸ਼ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ । ਸਭ ਤੋਂ ਵੱਧ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਸ਼ਨਾਂ ਲਈ ਪੁੱਜ ਰਹੀਆਂ ਹਨ ਜਦਕਿ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ , ਗੁ. ਸ੍ਰੀ ਹੱਟ ਸਾਹਿਬ , ਗੁਰਦੁਆਰਾ ਸ੍ਰੀ ਗੁਰੂ ਕਾ ਬਾਗ, ਪੁਰਾਤਨ ਘਰ ਬੇਬੇ ਨਾਨਕੀ ਜੀ ਧਰਮਸ਼ਾਲਾ , ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਦੇ ਦਰਸ਼ਨਾਂ ਲਈ ਵੀ ਪੈਦਲ ਜਾ ਰਹੀਆਂ ਹਨ ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਅਤੇ ਹੋਰ ਗੁਰਦੁਆਰਿਆਂ ਨੂੰ ਸੁੰਦਰ ਲੜੀਆਂ ਨਾਲ ਸ਼ਿੰਗਾਰਿਆ ਗਿਆ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਕੰਪਲੈਕਸ ਨੂੰ ਚਾਰੇ ਪਾਸਿਓਂ ਵਿਸ਼ੇਸ਼ ਲਾਈਟਾਂ ਨਾਲ ਖੂਬਸੂਰਤ ਬਣਾਇਆ ਗਿਆ ਹੈ। ਨਵੀਂ ਦਰਸ਼ਨੀ ਡਿਊੜੀ ਦਾ ਬਾਹਰੀ ਦ੍ਰਿਸ਼ ਸੰਗਤਾਂ ਨੂੰ ਮੰਤਰ ਮੁਗਧ ਕਰ ਰਿਹਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਖਜੂਰਾਂ ਅਤੇ ਹੋਰ ਪੁਰਾਤਨ ਦਰੱਖਤਾਂ ਨੂੰ ਹਰੀਆਂ ਲਾਈਟਾਂ ਨਾਲ ਸ਼ਿੰਗਾਰ ਕੇ ਬਹੁਤ ਖੂਬਸੂਰਤ ਨਜ਼ਾਰਾ ਪੇਸ਼ ਕੀਤਾ ਗਿਆ ਹੈ ।
ਬੀਤੇ ਦਿਨ ਵੀ ਲੱਖਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਪਹੁੰਚੀਆਂ, ਜਿਨ੍ਹਾਂ ਗੁਰਬਾਣੀ ਕੀਰਤਨ ਸਰਵਨ ਕੀਤਾ ਅਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ। ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੋਹਾੜਕਾ ਵੱਲੋਂ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਹੋਈ। ਉਪਰੰਤ ਦਿਨ ਦੇ ਦੀਵਾਨ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਅਤੇ ਭਾਈ ਤਾਰਬਲਬੀਰ ਸਿੰਘ ਦੇ ਰਾਗੀ ਜਥਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਾ ਮਨੋਹਰ ਅਤੇ ਰਸਭਿੰਨਾ ਕੀਰਤਨ ਕੀਤਾ ।
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਅਤੇ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਸ਼ਬਦ ਵੀਚਾਰ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਭਾਈ ਸੁਰਜੀਤ ਸਿੰਘ ਸਭਰਾਅ ਹੈਡ ਗ੍ਰੰਥੀ ਤੇ ਭਾਈ ਅਜਮੇਰ ਸਿੰਘ ਐਡੀਸਨਲ ਹੈਡ ਗ੍ਰੰਥੀ, ਭਾਈ ਹਰਜੀਤ ਸਿੰਘ ਪ੍ਰਚਾਰਕ ਇੰਚਾਰਜ ਮਾਝਾ ਜੋਨ ਨੇ ਵੀ ਹਾਜਰੀ ਭਰੀ ਤੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਮੁੱਖ ਲੰਗਰ ਚ ਗੁਰੂ ਕੇ ਲੰਗਰ ਲਗਾਏ ਗਏ । ਇਸ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ 550 ਸਾਲਾ ਸ਼ਤਾਬਦੀ ਮਨਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਵੀ ਲੰਗਰ ਸੁਲਤਾਨਪੁਰ ਲੋਧੀ 'ਚ ਨਹੀ ਲੱਗਾ ਜਦਕਿ ਸੰਤਾਂ ਮਹਾਂਪੁਰਸ਼ਾਂ ਅਤੇ ਜਥੇਬੰਦੀਆਂ ਵਲੋਂ 68 ਲੰਗਰ ਲਗਾਏ ਗਏ ਹਨ ।
ਡੇਰਾ ਮੁਖੀ ਦੀ ਤੁਲਨਾ ਸ੍ਰੀ ਗੁਰੂ ਨਾਨਕ ਨਾਲ ਕਰਨ ਵਾਲੀ ਟੀ. ਵੀ. ਐਂਕਰ ਖਿਲਾਫ ਹੋਵੇ ਕਾਰਵਾਈ
NEXT STORY