ਜਲੰਧਰ,(ਧਵਨ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ 'ਚ ਪਿਛਲੇ 2 ਦਿਨਾਂ 'ਚ ਕੋਰੋਨਾ ਵਾਇਰਸ ਇਨਫੈਕਟਿਡ ਲੋਕਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਣ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਪੰਜਾਬੀ ਹਨ। ਇਨ੍ਹਾਂ ਨੂੰ ਵਾਪਸ ਲਿਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਦੇ ਨਾਲ ਸੰਪਰਕ ਕੀਤਾ ਸੀ ਅਤੇ ਸ੍ਰੀ ਨਾਂਦੇੜ ਸਾਹਿਬ ਤੋਂ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਸਾਰਿਆਂ ਸ਼ਰਧਾਲੂਆਂ ਦੇ 3 ਵਾਰ ਟੈਸਟ ਕੀਤੇ ਗਏ ਹਨ ਅਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਜਦ ਪੰਜਾਬ 'ਚ ਲਿਆ ਕੇ ਇਨ੍ਹਾਂ ਦੇ ਟੈਸਟ ਕੀਤੇ ਗਏ ਤਾਂ 200 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆ ਗਈ, ਜਿਸ ਦੇ ਬਾਅਦ ਇਨ੍ਹਾਂ ਸਾਰਿਆਂ ਲੋਕਾਂ ਨੂੰ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ ਅਤੇ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧ 'ਚ ਮਹਾਰਾਸ਼ਟਰ ਸਰਕਾਰ ਨੂੰ ਚਿੱਠੀ ਵੀ ਭੇਜੀ ਹੈ, ਜਿਸ 'ਚ ਲਿਖਿਆ ਹੈ ਕਿ ਸ੍ਰੀ ਨਾਂਦੇੜ ਸਾਹਿਬ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਨੂੰ ਸ਼ਰਧਾਲੂਆਂ ਦੇ ਟੈਸਟ ਕਰਨ ਸਬੰਧੀ ਗਲਤ ਰਿਪੋਰਟ ਭੇਜੀ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਵਿਰੁਧ ਉਨ੍ਹਾਂ ਦੀ ਕੋਈ ਵਿਅਕਤੀਗਤ ਲੜਾਈ ਨਹੀਂ ਹੈ ਸਗੋਂ ਇਹ ਲੜਾਈ ਪੂਰੇ ਦੇਸ਼ ਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਬੁਲਾ ਕੇ ਸਰਕਾਰ ਨੇ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਇਹ ਸਾਰੇ ਲੋਕ ਪੰਜਾਬੀ ਹਨ। ਜੇਕਰ ਕੇਂਦਰ ਸਰਕਾਰ ਹੋਰ ਸੂਬਿਆਂ ਦੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਸੂਬਿਆਂ 'ਚ ਭੇਜ ਰਹੀ ਹੈ ਤਾਂ ਫਿਰ ਸਾਨੂੰ ਵੀ ਹੋਰਾਂ ਸੂਬਿਆਂ ਤੋਂ ਪੰਜਾਬੀਆਂ ਨੂੰ ਵਾਪਸ ਬੁਲਾਉਣ 'ਚ ਕੋਈ ਬੁਰਾਈ ਨਹੀਂ ਹੈ ਪਰ ਉਨ੍ਹਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਹੋਣੇ ਜ਼ਰੂਰੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਲੰਧਰ 'ਚ ਇਕ ਏ. ਐੱਸ. ਆਈ. 'ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ । ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਤੋੜਨ ਵਾਲਿਆਂ ਵਿਰੁਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਜਨਤਾ ਵੀ ਘਰ ਬੈਠ ਕੇ ਤੰਗ ਆ ਗਈ ਇਸ ਲਈ ਛੋਟ ਦਿੱਤੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲਾਕਡਾਊਨ 3 ਨੂੰ 17 ਮਈ ਤਕ ਵਧਾ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਰਫਿਊ ਨੂੰ 17 ਮਈ ਤਕ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਕੈਪਟਨ ਨੇ ਕਿਹਾ ਕਿ ਲੋਕ 40 ਦਿਨ ਤੋਂ ਵੱਧ ਸਮੇਂ ਤੋਂ ਆਪਣੇ ਘਰਾਂ 'ਚ ਬੈਠੇ ਹੋਏ ਹਨ ਅਤੇ ਘਰ 'ਚ ਬੈਠ ਕੇ ਤੰਗ ਆ ਗਏ ਸਨ ਅਤੇ ਇਸ ਲਈ ਉਨ੍ਹਾਂ ਨੇ ਸੂਬੇ ਦੇ ਕੁਝ ਇਲਾਕਿਆਂ 'ਚ ਕਰਫਿਊ 'ਚ ਢਿੱਲ ਦੇਣ ਦਾ ਫੈਸਲਾ ਲਿਆ ਤਾਂ ਕਿ ਕੁਝ ਸਮੇਂ ਲਈ ਲੋਕ ਆਪਣੇ ਘਰ 'ਚੋ ਬਾਹਰ ਨਿਕਲ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੁਝ ਦਿਨਾਂ 'ਚ ਹਾਲਾਤ 'ਚ ਸੁਧਾਰ ਹੋਇਆ ਤਾਂ ਉਹ ਰਾਹਤ ਨੂੰ ਦੇਣ ਬਾਰੇ 'ਚ ਮੁੜ ਸਮੀਖਿਆ ਕਰਨਗੇ।
ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਤਾਰੀਆਂ ਨੂੰ ਕਣਕ ਤੇ ਦਾਲ ਦੀ ਵੰਡ ਸ਼ੁਰੂ : ਆਸ਼ੂ
NEXT STORY