ਅਜਨਾਲਾ (ਗੁਰਜੰਟ, ਫਰਿਆਦ) : ਸਰਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਉਨ੍ਹਾਂ ਦੀ ਸਹਾਇਤਾ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦਿਸ਼ਾ ਵਿਚ ਇਕ ਹੋਰ ਕਦਮ ਚੁੱਕਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਹੈ ਕਿ ਹੁਣ ਮਨਰੇਗਾ ਤਹਿਤ ਵੀ ਪਰਾਲੀ ਇਕੱਠੀ ਕੀਤੀ ਜਾਵੇਗੀ। ਉਹ ਹਾੜੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਅਜਨਾਲਾ ਵਿਖੇ ਲਗਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਖੇਤਾਂ ਨੂੰ ਬੰਜਰ ਨਾ ਕਰਨ ਸਗੋਂ ਇਹ ਰਹਿੰਦ-ਖੂੰਹਦ ਖੇਤ ਵਿਚ ਵਾਹ ਕੇ ਖੇਤ ਦੀ ਉਪਜਾਊ ਸ਼ਕਤੀ ਵਧਾਉਣ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਮਨਰੇਗਾ ਤਹਿਤ ਵੀ ਪਰਾਲੀ ਇਕੱਠੀ ਕਰਨ ਦਾ ਕੰਮ ਕਰਾਂਗੇ, ਤਾਂ ਜੋ ਕਿਸਾਨਾਂ ਦੀ ਬਾਂਹ ਫੜੀ ਜਾ ਸਕੇ। ਧਾਲੀਵਾਲ ਨੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ 'ਚੋਂ ਨਿਕਲ ਕੇ ਨਗਦੀ ਵਾਲੀਆਂ ਫ਼ਸਲਾਂ ਬੀਜਣ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮਾਨ ਸਰਕਾਰ ਹਰ ਵੇਲੇ ਤੁਹਾਡੇ ਨਾਲ ਹੈ ਅਤੇ ਤੁਸੀਂ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਮੁੜ ਤਰੱਕੀ ਦੇ ਰਸਤੇ 'ਤੇ ਪਾਉ।
ਇਹ ਖਬਰ ਵੀ ਪੜ੍ਹੋ - ਗਿੱਦੜਬਾਹਾ ’ਚ ਵਾਪਰੀ ਵਾਰਦਾਤ: ਪੁੱਤਰ ਨੇ ਸਿਰ ’ਚ ਇੱਟਾਂ ਮਾਰ ਕੀਤਾ ਬਜ਼ੁਰਗ ਪਿਓ ਦਾ ਕਤਲ (ਵੀਡੀਓ)
ਇਸ ਮੌਕੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਦਲਜੀਤ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਜਤਿੰਦਰ ਸਿੰਘ ਗਿੱਲ ਨੇ ਜ਼ਿਲ੍ਹੇ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜ਼ਿਲ੍ਹੇ ਵਿਚ 1.88 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਹਾੜੀ ਸੀਜਨ ਦੌਰਾਨ ਕਿਸਾਨਾਂ ਨੂੰ ਮਿਆਰੀ ਖਾਦ, ਬੀਜ, ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਸਾਨਾਂ ਨੂੰ ਕਣਕ ਅਤੇ ਹੋਰ ਫਸਲਾਂ ਦਾ ਬੀਜ, ਸੋਧ ਕੇ ਬੀਜਣ ਲਈ ਕਿਹਾ ਤਾਂ ਜੋ ਬੀਮਾਰੀਆਂ ਦੇ ਹਮਲੇ ਤੋਂ ਫਸਲਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਮੌਕੇ ਉਨ੍ਹਾਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖੀ ਜਾ ਸਕੇ। ਇਸ ਮੌਕੇ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮੱਛੀਪਾਲਣ, ਡੇਅਰੀ, ਭੂਮੀ ਰੱਖਿਆ ਵਿਭਾਗ, ਕੇ.ਵੀ.ਕੇ, ਖਾਦ, ਬੀਜ, ਦਵਾਈਆਂ, ਨਵੀਨਤਮ ਖੇਤੀ ਮਸ਼ੀਨਰੀ ਅਤੇ ਸੈਲਫ ਗਰੁਪਾਂ ਵੱਲੋਂ ਖੇਤੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ । ਇਸ ਮੌਕੇ ਉੱਦਮੀ ਕਿਸਾਨਾਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।
ਤਰਨਤਾਰਨ ਪੁਲਸ ਨੇ ਲੱਖਾ ਸਿਧਾਣਾ ਨੂੰ ਫਿਰੌਤੀ ਮਾਮਲੇ 'ਚ ਦਿੱਤੀ ਕਲੀਨ ਚਿੱਟ
NEXT STORY