ਲੁਧਿਆਣਾ (ਨਰਿੰਦਰ) : ਸਕੂਲ 'ਚ ਉੱਚੀ ਪੈਂਟ ਪਾ ਕੇ ਆਉਣ ਕਾਰਨ ਹੋਈ ਬੇਇੱਜ਼ਤੀ ਅਤੇ ਕੁੱਟਮਾਰ ਤੋਂ ਬਾਅਦ ਫਾਹਾ ਲੈਣ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਧਨੰਜੇ ਦਾ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਹੈ। ਧਨੰਜੇ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ਮਸ਼ਾਨਘਾਟ 'ਚ ਆਏ ਹਰ ਵਿਅਕਤੀ ਦੀ ਅੱਖ ਇਸ ਮੌਕੇ ਨਮ ਸੀ। ਰਿਸ਼ਤੇਦਾਰਾਂ ਵਲੋਂ ਪਰਿਵਾਰ ਨੂੰ ਹੌਂਸਲਾ ਦਿੱਤਾ ਜਾ ਰਿਹਾ ਸੀ। ਧਨੰਜੇ ਦੀ ਮ੍ਰਿਤਕ ਦੇਹ ਨੂੰ ਸਿੱਧਾ ਹਸਪਤਾਲ ਤੋਂ ਸ਼ਮਸ਼ਾਨਘਾਟ ਲਿਆਂਦਾ ਗਿਆ ਅਤੇ ਪ੍ਰਸ਼ਾਸਨ ਨੇ ਜਲਦਬਾਜ਼ੀ 'ਚ ਉਸ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ।
ਇਸ ਮੌਕੇ ਐੱਸ. ਡੀ. ਐੱਮ. ਅਮਰਜੀਤ ਬੈਂਸ ਅਤੇ ਏ. ਸੀ. ਪੀ. ਸੰਦੀਪ ਵਡੇਰਾ ਪੁੱਜੇ ਹੋਏ ਸਨ। ਅਮਰਜੀਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ 'ਚ ਟਵੀਟ ਕੀਤਾ ਹੈ ਅਤੇ ਮੁਲਜ਼ਮਾਂ ਨੂੰ ਇਸ ਮਾਮਲੇ 'ਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹੀਆਂ ਵਾਰਦਾਤਾਂ ਸਕੂਲਾਂ 'ਚ ਹੋਈਆਂ ਹਨ ਪਰ ਉਨ੍ਹਾਂ ਦੇ ਨੋਟਿਸ 'ਚ ਨਹੀਂ ਸਨ ਪਰ ਹੁਣ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਵੀਡੀਓ ਦੇ ਆਧਾਰ 'ਤੇ ਭਾਵੇਂ ਹੀ ਧਨੰਜੇ ਦੇ ਸਕੂਲ ਦੀ ਪ੍ਰਿੰਸੀਪਲ ਅਤੇ ਇਕ ਹੋਰ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਦੋਵੇਂ ਅਜੇ ਫਰਾਰ ਦੱਸੇ ਜਾ ਰਹੇ ਹਨ। ਦੋਹਾਂ ਖਿਲਾਫ ਇਹ ਮਾਮਲਾ ਡਾਬਾ ਪੁਲਸ ਥਾਣੇ 'ਚ ਦਰਜ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ।
ਸਕੂਲ 'ਚ ਧਨੰਜੇ ਨੂੰ ਕੀਤਾ ਗਿਆ ਸੀ ਬੇਇੱਜ਼ਤ
ਮੂਲ ਰੂਪ ਤੋਂ ਯੂ. ਪੀ. ਗੌਂਡਾ ਤੇ ਹਾਲ ਵਾਸੀ ਡਾਬਾ ਦੇ ਗੁਰਮੇਲ ਨਗਰ ਇਲਾਕੇ 'ਚ ਰਹਿੰਦੇ ਮ੍ਰਿਤਕ ਧਨੰਜੇ ਦਾ ਪਿਤਾ ਬ੍ਰਿਜ ਰਾਮ ਤਿਵਾੜੀ ਫੈਕਟਰੀ 'ਚ ਕੰਮ ਕਰਦਾ ਹੈ, ਜਦੋਂ ਕਿ ਮਾਂ ਕਮਲੇਸ਼ ਘਰੇਲੂ ਔਰਤ ਹੈ। ਧਨੰਜੇ ਆਪਣੇ ਭੈਣ-ਭਰਾ ਸਰਿਤਾ ਤੇ ਆਸ਼ੂ 'ਚੋਂ ਸਭ ਤੋਂ ਵੱਡਾ ਸੀ। ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਢੰਡਾਰੀ ਕਲਾਂ ਸਥਿਤ ਇਕ ਸਕੂਲ 'ਚ 11ਵੀਂ ਕਲਾਸ 'ਚ ਪੜ੍ਹਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਨੇ ਸਕੂਲ ਦੀ ਨਵੀਂ ਪੈਂਟ ਲਈ ਸੀ ਪਰ ਅੱਜ-ਕੱਲ ਦੇ ਫੈਸ਼ਨ ਮੁਤਾਬਕ ਥੋੜ੍ਹੀ ਉੱਚੀ ਸੀ। ਪਰ ਸਕੂਲ ਵਾਲਿਆਂ ਨੂੰ ਇਹ ਪਸੰਦ ਨਹੀਂ ਆਈ। ਟੀਚਰਾਂ ਨੇ ਪੈਂਟ ਬਦਲਣ ਲਈ ਕਿਹਾ ਤਾਂ ਧਨੰਜੇ ਨੇ ਕਿਹਾ ਕਿ ਜਦੋਂ ਪਿਤਾ ਨੂੰ ਤਨਖਾਹ ਮਿਲੇਗੀ ਤਾਂ ਉਹ ਨਵੀਂ ਲੈ ਲਵੇਗਾ। ਉਨ੍ਹਾਂ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਧਨੰਜੇ ਦੀਆਂ ਦੋ ਅਧਿਆਪਕਾਂ ਉਸ ਨੂੰ ਕਾਫੀ ਬੋਲੀਆਂ ਅਤੇ ਉਸ ਦੀ ਕਲਾਸ ਰੂਮ 'ਚ ਕਾਫੀ ਬੇਇੱਜ਼ਤ ਕੀਤੀ। ਇਸ ਤੋਂ ਬਾਅਦ ਉਸ ਨੂੰ ਫੜ੍ਹ ਕੇ ਪ੍ਰਿੰਸੀਪਲ ਦੇ ਰੂਮ 'ਚ ਲੈ ਗਏ, ਜਿੱਥੇ ਟਾਈ ਨਾਲ ਉਸ ਦੇ ਹੱਥ ਬੰਨ ਕੇ ਉਸਦੀ ਮਾਰਕੁੱਟ ਕੀਤੀ ਸੀ। ਇਸੇ ਦੌਰਾਨ ਉਸ ਦੀ ਪੈਂਟ ਦੀ ਹੁੱਕ ਖੋਲ੍ਹ ਕੇ ਉਸ ਨੂੰ ਬੇਇੱਜ਼ਤ ਵੀ ਕੀਤਾ ਗਿਆ ਸੀ।
ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਘਰ ਪੁੱਜਣ 'ਤੇ ਉਸ ਦੇ ਬੇਟੇ ਨੇ ਸਾਰੀ ਗੱਲ ਉਸ ਨੂੰ ਦੱਸੀ ਸੀ, ਉਹ ਉਸ ਦੇ ਸਕੂਲ ਵੀ ਗੱਲ ਕਰਨ ਵੀ ਗਈ ਪਰ ਸਕੂਲ ਵਾਲਿਆਂ ਨੇ ਉਸ ਦੀ ਇਕ ਨਾ ਸੁਣੀ। ਇਸ ਤੋਂ ਬਾਅਦ ਧਨੰਜੇ ਸਕੂਲ ਨਹੀਂ ਗਿਆ ਨਾ ਹੀ ਉਸ ਨੇ ਦੋ ਦਿਨ ਤੋਂ ਖਾਣਾ ਖਾਧਾ। ਉਹ ਆਪਣੀ ਬੇਇੱਜ਼ਤੀ ਤੋਂ ਕਾਫੀ ਪਰੇਸ਼ਾਨ ਸੀ। ਫਿਰ ਧਨੰਜੇ ਨੇ ਰਾਤ ਦੇ ਸਮੇਂ ਖੁਦ ਨੂੰ ਕਮਰੇ ਅੰਦਰ ਬੰਦ ਕਰ ਲਿਆ ਤੇ ਅੰਦਰੋਂ ਕੁੰਡੀ ਲਾ ਲਈ। ਘਰ ਵਾਲਿਆਂ ਨੇ ਦਰਵਾਜ਼ਾ ਖੜਕਾਇਆ ਪਰ ਧਨੰਜੇ ਨੇ ਅੰਦਰੋਂ ਲਾਕ ਨਹੀਂ ਖੋਲ੍ਹਿਆ। ਫਿਰ ਦਰਵਾਜ਼ੇ ਨੂੰ ਤੋੜ ਕੇ ਜਦੋਂ ਘਰ ਵਾਲੇ ਅੰਦਰ ਗਏ ਤਾਂ ਧਨੰਜੇ ਰੱਸੀ ਦੇ ਸਹਾਰੇ ਫਾਹੇ ਨਾਲ ਲਟਕ ਰਿਹਾ ਸੀ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ।
ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ, ਵਿਧਾਇਕਾਂ ਨੂੰ ਟੈਕਸ 'ਚੋਂ ਛੋਟ
NEXT STORY