ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਸਿਤਾਰੇ ਗਰਦਿਸ਼ 'ਚ ਹਨ। ਆਲਮ ਇਹ ਹੈ ਕਿ ਵਿਰੋਧੀ ਧਿਰ 'ਚ ਹੁੰਦਿਆਂ ਵੀ ਅਕਾਲੀ ਦਲ ਦੇ ਇਕ ਤੋਂ ਬਾਅਦ ਇਕ ਟਕਸਾਲੀ ਆਗੂ ਪਾਰਟੀ ਤੋਂ ਬਾਗੀ ਹੋ ਰਹੇ ਹਨ। ਜ਼ਿਆਦਾਤਰ ਲੀਡਰਾਂ ਦੀ ਨਾਰਾਜ਼ਗੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨਾਲ ਮੰਨੀ ਜਾ ਰਹੀ ਹੈ। ਅਜਿਹੇ 'ਚ ਸੁਖਬੀਰ ਸਿੰਘ ਬਾਦਲ ਨੇ ਹਾਲਾਤ 'ਤੇ ਡੈਮੇਜ ਕੰਟਰੋਲ ਕਰਨ ਲਈ ਇੱਥੋਂ ਤੱਕ ਵੀ ਆਖ ਦਿੱਤਾ ਕਿ ਜੇ ਪਾਰਟੀ ਦੀ ਲੀਡਰਸ਼ਿਪ ਚਾਹੇ ਤਾਂ ਅੱਜ ਹੀ ਪ੍ਰਧਾਨਗੀ ਤੋਂ ਪਾਸੇ ਹਟ ਜਾਣਗੇ, ਕਿਉਂਕਿ ਅਕਾਲੀ ਦਲ ਕਿਸੇ ਦੀ ਨਿੱਜੀ ਸੰਪਤੀ ਨਹੀਂ ਹੈ। ਬੇਸ਼ੱਕ ਸੁਖਬੀਰ ਵੱਲੋਂ ਜਨਤਾ ਜਾਂ ਲੀਡਰਾਂ 'ਚ ਆਪਣਾ ਅਕਸ ਬਣਾਉਣ ਲਈ ਅਸਤੀਫੇ ਦੀ ਝੂਠੀ-ਮੂਠੀ ਪੇਸ਼ਕਸ਼ ਤਾਂ ਕਰ ਦਿੱਤੀ ਗਈ ਹੈ ਪਰ ਉਨਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਸੀ ਕਿ ਪਾਰਟੀ ਦੀ ਲੀਡਰਸ਼ਿਪ ਦਿਲ ਖੋਲ ਕੇ ਇਸਦਾ ਸਵਾਗਤ ਕਰੇਗੀ। ਜਿਵੇਂ ਹੀ ਸੁਖਬੀਰ ਬਾਦਲ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਤਾਂ ਇੱਕ ਤੋਂ ਬਾਅਦ ਇੱਕ ਟਕਸਾਲੀ ਲੀਡਰਾਂ ਨੇ ਇਸਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ। ਅਜਿਹਾ ਵੇਖ ਸ਼ਾਮ ਨੂੰ ਹੀ ਸੁਖਬੀਰ ਸਿੰਘ ਬਾਦਲ ਨੇ ਇਸ ਮਸਲੇ ਨੂੰ ਦਬਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਤੇ ਪਾਰਟੀ ਦੇ ਬੁਲਾਰੇ 'ਤੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਵੱਲੋਂ ਬਿਆਨ ਆਇਆ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਰੀੜ ਦੀ ਹੱਡੀ ਹਨ ਇਸ ਲਈ ਉਨਾਂ ਦੇ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣ ਚਾਹੇ ਨਾ ਪਰ ਇੱਕ ਗੱਲ ਦਾ ਜ਼ਾਹਰ ਹੋ ਗਈ ਹੈ ਕਿ ਪਾਰਟੀ ਅੰਦਰ ਬਹ-ਗਿਣਤੀ ਲੀਡਰਾਂ ਦੀ ਨਾਰਾਜ਼ਗੀ ਬਾਦਲ ਪਰਿਵਾਰ ਨਾਲ ਹੈ।
ਉਧਰ ਦੇ ਅਸਤੀਫੇ ਦੀ ਪੇਸ਼ਕਸ਼ 'ਤੇ ਪਾਰਟੀ ਅੰਦਰ ਔਖੇ ਬੈਠੇ ਸੀਨੀਅਰ ਲੀਡਰਾਂ ਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪਾਰਟੀ ਦੀ ਬਿਹਤਰੀ ਲਈ ਸਭ ਕੁਝ ਕਰਨਾ ਚਾਹੀਦਾ ਹੈ। ਪਾਰਟੀ ਦੇ ਡਿੱਗਦੇ ਮਿਆਰ ਨੂੰ ਬਚਾਉਣ 'ਚ ਜੁਟੇ ਸੁਖਬੀਰ ਬਾਦਲ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਤਾਂ ਕਰ ਦਿੱਤੀ ਹੈ ਪਰ ਸੁਖਬੀਰ ਦਾ ਇਹ ਦਾਅ ਸਹੀ ਪੈਂਦਾ ਹੈ ਜਾਂ ਫਿਰ ਉਲਟਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੇਕਰ ਸਚਮੁੱਚ ਸੁਖਬੀਰ ਨੂੰ ਪ੍ਰਧਾਨਗੀ ਛੱਡਣੀ ਪਈ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਰਟੀ ਦਾ ਅਗਲਾ ਪ੍ਰਧਾਨ ਕੋਈ ਅਜਿਹਾ ਟਕਸਾਲੀ ਆਗੂ ਹੀ ਹੋਵੇਗਾ ਜੋ ਪਾਰਟੀ ਦੇ ਅਲੱਗ-ਥਲੱਗ ਹੋਏ ਲੀਡਰਾਂ ਨੂੰ ਮੁੜ ਇਕੱਠਾ ਕਰ ਸਕੇ। ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਤਾਂ ਸੁਖਬੀਰ ਨੂੰ ਰਸੋਈ ਦਾ ਕੰਮ ਕਰਨ ਅਤੇ ਪਤਨੀ ਹਰਸਿਮਰਤ ਕੌਰ ਬਾਦਲ ਦਾ ਪੀ. ਏ. ਬਣਨ ਦੀ ਸਲਾਹ ਤੱਕ ਦੇ ਦਿੱਤੀ। ਉਧਰ ਨਵਜੋਤ ਸਿੱਧੂ ਨੇ ਕਿਹਾ ਕਿ ਸੁਖਬੀਰ ਤਾਂ ਸਰਪੰਚੀ ਨਾ ਛੱਡੇ ਫਿਰ ਪ੍ਰਧਾਨਗੀ ਕਿਵੇਂ ਛੱਡ ਸਕਦਾ ਹੈ। ਸੁਖਬੀਰ ਦੇ ਬਿਆਨ 'ਤੇ ਟਿੱਪਣੀ ਕਰਨ ਤੋਂ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਰਹੀ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੁਖਬੀਰ ਦੀ ਪੇਸ਼ਕਸ਼ ਨੂੰ ਮਜਬੂਰੀ ਦੱਸਿਆ ਤੇ ਕਿਹਾ ਕਿ ਸੁਖਬੀਰ ਨੂੰ ਤਾਂ ਪਹਿਲਾਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ।
ਮਾਝੇ ਦੇ 'ਬਾਗੀ' ਅਕਾਲੀ ਆਗੂਆਂ ਨੇ ਸ਼ਕਤੀ ਪ੍ਰਦਰਸ਼ਨ ਦੀ ਖਿੱਚੀ ਤਿਆਰੀ
NEXT STORY