ਮਾਛੀਵਾੜਾ ਸਾਹਿਬ (ਟੱਕਰ) - ਅੱਜ ਹਲਕਾ ਸਮਰਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਪਾਰੀਆਂ, ਉਦਯੋਗਪਤੀਆਂ, ਸ਼ੈਲਰ ਮਾਲਕਾਂ ਅਤੇ ਆੜ੍ਹਤੀ ਵਰਗ ਨਾਲ ਮੀਟਿੰਗਾਂ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮਾਛੀਵਾੜਾ ਤੋਂ ਆੜ੍ਹਤੀ ਐਸੋਸ਼ੀਏਸ਼ਨ ਪੰਜਾਬ ਦੇ ਨੁਮਾਇੰਦੇ ਅਰਵਿੰਦਰਪਾਲ ਵਿੱਕੀ, ਸਾਬਕਾ ਪ੍ਰਧਾਨ ਟਹਿਲ ਸਿੰਘ ਔਜਲਾ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਸੁਖਬੀਰ ਸਿੰਘ ਬਾਦਲ ਨੂੰ ਮੰਗ ਪੱਤਰ ਦਿੰਦਿਆਂ ਧਿਆਨ ਵਿਚ ਲਿਆਂਦਾ ਕਿ ਅਕਾਲੀ ਦਲ ਆਪਣੇ ਚੋਣ ਮੈਨੀਫੈਸਟੋ ਵਿਚ ਉਨ੍ਹ੍ਹਾਂ ਦੀਆਂ ਮੰਗਾਂ ਸ਼ਾਮਲ ਕਰ ਸਰਕਾਰ ਬਣਨ ’ਤੇ ਤੁਰੰਤ ਇਸ ਦਾ ਹੱਲ ਕੀਤਾ ਜਾਵੇ।
ਆੜ੍ਹਤੀ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਕਿਸਾਨ ਤੇ ਆੜ੍ਹਤੀਆਂ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆੜ੍ਹਤੀ ਭਾਈਚਾਰਾ ਗੰਭੀਰ ਆਰਥਿਕ ਤੇ ਮਾਨਸਿਕ ਸੰਕਟ ’ਚੋਂ ਗੁਜ਼ਰ ਰਿਹਾ ਹੈ। ਉਕਤ ਨੁਮਾਇੰਦਿਆਂ ਨੇ ਕਿਹਾ ਕਿ ਫਸਲ ਵੇਚਣ ’ਤੇ ਉਨ੍ਹਾਂ ਨੂੰ 2.5 ਫੀਸਦੀ ਕਮਿਸ਼ਨ ਬਣਦਾ ਹੈ ਪਰ ਸਰਕਾਰ ਵਲੋਂ ਸਮਰਥਨ ਮੁੱਲ ’ਤੇ ਵਿਕਦੀਆਂ ਫਸਲਾਂ ਦਾ ਫਿਕਸ ਰੇਟ 46 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ ਜਿਸ ਕਾਰਨ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿਚ ਆੜ੍ਹਤੀਆਂ ਦੀਆਂ ਦੁਕਾਨ ’ਤੇ ਖਰਚੇ ਜਿਸ ਵਿਚ ਬਿਜਲੀ, ਮੁਨੀਮਾਂ ਦੀਆਂ ਤਨਖਾਹਾਂ ਕਾਫ਼ੀ ਵਧ ਗਈਆਂ ਹਨ ਪਰ ਸਰਕਾਰ ਵਲੋਂ ਕਮਿਸ਼ਨ ਘਟਾ ਦਿੱਤਾ ਹੈ ਇਸ ਲਈ ਉਨ੍ਹਾਂ ਨੂੰ ਸਮਰਥਨ ਮੁੱਲ ਉੱਪਰ ਵਿਕਣ ਵਾਲੀਆਂ ਫਸਲਾਂ ’ਤੇ 2.5 ਫੀਸਦੀ ਕਮਿਸ਼ਨ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੂਜੀ ਮੰਗ ਵਿਚ ਕਿਹਾ ਕਿ ਅਦਾਇਗੀ ਪ੍ਰਣਾਲੀ ਵਿਚ ਸੁਧਾਰ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਵਲੋਂ ਪਿਛਲੇ ਕੁਝ ਸਾਲਾਂ ਤੋਂ ਫਸਲ ਭੁਗਤਾਨ ਸਿੱਧਾ ਕਿਸਾਨਾਂ ਦੇ ਖਾਤਿਆਂ ਵਿਚ ਕੀਤਾ ਜਾਂਦਾ ਹੈ ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਵਿਚ ਵਿੱਤੀ ਲੈਣ-ਦੇਣ ਦਾ ਭਰੋਸਾ ਪ੍ਰਭਾਵਿਤ ਹੋਇਆ ਹੈ, ਇਸ ਲਈ ਪਹਿਲਾਂ ਦੀ ਤਰ੍ਹਾਂ ਫਸਲਾਂ ਦੀ ਅਦਾਇਗੀ ਆੜ੍ਹਤੀਆਂ ਦੇ ਖਾਤਿਆਂ ਵਿਚ ਕੀਤੀ ਜਾਵੇ।
ਆੜ੍ਹਤੀ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਮੰਡੀਆਂ ’ਚੋਂ ਫਸਲ ਢੋਆ-ਢੁਆਈ ਦੌਰਾਨ ਜੋ ਠੇਕੇਦਾਰੀ ਸਿਸਟਮ ਹੈ ਉਸ ਵਿਚ ਸੁਧਾਰ ਕੀਤਾ ਜਾਵੇ ਕਿਉਂਕਿ ਕਈ ਵਾਰ ਠੇਕੇਦਾਰ ਸਰਕਾਰ ਵਲੋਂ ਤੈਅ ਕੀਤੇ ਸਮੇਂ 72 ਘੰਟੇ ਵਿਚ ਲਿਫਟਿੰਗ ਨਹੀਂ ਕਰਦਾ ਜਿਸ ਦਾ ਖੁਮਿਆਜ਼ਾ ਆੜ੍ਹਤੀਆਂ ਤੇ ਕਿਸਾਨਾਂ ਨੂੰ ਭੁਗਤਨਾ ਪੈਂਦਾ ਹੈ, ਇਸ ਲਈ ਜੇਕਰ ਫਸਲ ਦੀ ਢੋਆ-ਢੁਆਈ ਆੜ੍ਹਤੀ ਕਰਦੇ ਹਨ ਤਾਂ ਉਸਦੀ ਅਦਾਇਗੀ ਚੈੱਕ ਰਾਹੀਂ ਠੇਕੇਦਾਰ ਦੀ ਬਜਾਏ ਆੜ੍ਹਤੀ ਨੂੰ ਕੀਤੀ ਜਾਵੇ। ਆੜ੍ਹਤੀਆਂ ਨੇ ਇਹ ਵੀ ਮੰਗ ਰੱਖੀ ਕਿ ਪੰਜਾਬ ਦੀਆਂ ਕੁਝ ਮੰਡੀਆਂ ਵਿਚ ਜੋ ਪਲਾਟ ਆੜ੍ਹਤੀਆਂ ਨੂੰ ਅਲਾਟ ਕੀਤੇ ਹਨ ਉਨ੍ਹਾਂ ’ਤੇ ਲੱਗਿਆ ਜ਼ੁਰਮਾਨਾ ਤੇ ਵਿਆਜ ਮੁਆਫ਼ ਕੀਤਾ ਜਾਵੇ। ਇਸ ਤੋਂ ਇਲਾਵਾ ਪੰਜਾਬ ਵਿਚ ਬਹੁਤ ਪੁਰਾਣੀਆਂ ਮੰਡੀਆਂ ਘਣੀ ਅਬਾਦੀ ਵਿਚ ਆ ਚੁੱਕੀਆਂ ਹਨ ਉਨ੍ਹਾਂ ਨੂੰ ਬਾਹਰ ਖੁੱਲ੍ਹੀਆਂ ਥਾਵਾਂ ’ਤੇ ਨਵੇਂ ਯਾਰਡਾਂ ਵਿਚ ਬਣਾਇਆ ਜਾਵੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆੜ੍ਹਤੀ ਐਸੋਸ਼ੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਬਣਨ ’ਤੇ ਜ਼ਰੂਰ ਮੰਨੀਆਂ ਜਾਣਗੀਆਂ।
ਰਾਜਾ ਵੜਿੰਗ ਦੇ ਬਿਆਨ 'ਤੇ ਭਾਜਪਾ ਆਗੂ ਵਿਜੇ ਸਾਂਪਲਾ ਦਾ ਤਿੱਖਾ ਪਲਟਵਾਰ
NEXT STORY