ਧਰਮਕੋਟ: ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਕੋਟ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ, ਜਿਸ ਵਿਚ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਸਾਰੀ ਤਾਕਤ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਹੀ ਲੱਗੀ ਹੋਈ ਹੈ, ਪਰ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਸਦਕਾ ਬਣੀ ਇਹ ਪਾਰਟੀ ਕਦੇ ਵੀ ਖ਼ਤਮ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਝੂਠੇ ਦੋਸ਼ ਲਾ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਸੀ, ਪਰ ਪਿਛਲੇ 10 ਸਾਲਾਂ ਵਿਚ 650 ਦੇ ਕਰੀਬ ਧਾਰਮਿਕ ਬੇਅਦਬੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਹੁਣ ਵਿਰੋਧੀਆਂ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ।
ਸੁਖਬੀਰ ਸਿੰਘ ਬਾਦਲ ਨੇ ਆਖ਼ਿਆ ਕਿ ਅਕਾਲੀ ਦਲ ਨਾ ਕਦੇ ਡਰਿਆ ਹੈ ਅਤੇ ਨਾ ਹੀ ਕਦੇ ਝੁਕਿਆ ਹੈ। ਅੱਜ ਪੰਜਾਬ ਅੰਦਰੋਂ ਕਾਨੂੰਨ ਦਾ ਰਾਜ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ ਅਤੇ ਪੰਜਾਬ ਦੇ ਲੋਕ ਡਰੇ ਤੇ ਘਬਰਾਏ ਹੋਏ ਹਨ, ਇਸ ਲਈ ਅੱਜ ਪੰਜਾਬ ਨੂੰ ਬਚਾਉਣ ਦਾ ਵੇਲਾ ਆ ਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੀ ਤਰੱਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਈ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਐਲਾਨ ਕੀਤਾ ਕਿ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਬਣਨ ’ਤੇ ਸੂਬੇ ਦੇ ਪਾਣੀਆਂ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਚੱਲਦੀਆਂ ਭਲਾਈ ਸਕੀਮਾਂ ਨੂੰ ਫਿਰ ਤੋਂ ਚਾਲੂ ਕਰਨ ਦਾ ਵਾਅਦਾ ਕੀਤਾ ਤੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਉੱਤੇ ਇੱਥੋਂ ਦੇ ਨੌਜਵਾਨਾਂ ਦਾ ਪੂਰਾ ਹੱਕ ਹੋਵੇਗਾ ਤੇ ਇਸ ਲਈ ਬਾਕਾਇਦਾ ਕਾਨੂੰਨ ਬਣਾਇਆ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਹੀ 'ਵਾਰਿਸ ਪੰਜਾਬ ਦੇ' ਪਾਰਟੀ ਨੂੰ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਭਲਾਈ ਤੇ ਖੁਸ਼ਹਾਲੀ ਦੇ ਲਈ ਅਕਾਲੀ ਦਲ ਦੀ ਸਰਕਾਰ ਬਣਾਉਣ।
ਹੁਣ ਅੰਮ੍ਰਿਤਸਰ ਵਿਚ ਵੀ ਬੰਦ ਦਾ ਐਲਾਨ
NEXT STORY