ਸੰਗਰੂਰ (ਵੈੱਬ ਡੈਸਕ) : ਫੌਜ ਵਿਰੋਧੀ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਹੋ ਰਹੇ ਵਿਰੋਧ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਉਹ ਆਪਣੇ ਵਲੋਂ ਦਿੱਤੇ ਗਏ ਬਿਆਨ 'ਤੇ ਅਜੇ ਵੀ ਕਾਇਮ ਹਨ। ਖਹਿਰਾ ਨੇ ਕਿਹਾ ਕਿ 1991 ਵਿਚ ਕੁਪਵਾੜਾ ਜ਼ਿਲੇ ਦੇ ਕੁਨਨ ਤੇ ਪੋਸ਼ਪੁਰਾ ਪਿੰਡ ਵਿਚ ਫੌਜੀਆਂ ਵਲੋਂ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਇਸ ਸੰਬੰਧੀ ਬਕਾਇਦਾ ਇਕ ਅੰਗਰੇਜ਼ੀ ਚੈਨਲ ਵਲੋਂ ਖਬਰ ਵੀ ਨਸ਼ਰ ਕੀਤੀ ਗਈ ਸੀ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਖਹਿਰਾ ਨੇ ਕਿਹਾ ਕਿ ਕੀ ਇਸ ਦੇਸ਼ ਵਿਚ ਸੁਰੱਖਿਆ ਦਸਤੇ ਤੇ ਫੌਜ ਕਾਨੂੰਨ ਤੋਂ ਉਪਰ ਹੈ। ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਸਾਰੀ ਫੌਜ ਗਲਤ ਹੈ, ਮੇਰੇ ਕਹਿਣ ਦਾ ਮਤਲਬ ਸੀ ਕਿ ਅਜਿਹੀਆਂ ਘਟਨਾਵਾਂ ਨਾਲ ਫੌਜ ਦੇ ਅਕਸ 'ਤੇ ਧੱਬਾ ਲੱਗਦਾ ਹੈ। ਅੱਜ ਵੀ ਉਹ ਆਪਣੇ ਸਟੈਂਡ 'ਤੇ ਕਾਇਮ ਹਨ। ਕੁਨਨ ਤੇ ਪੋਸ਼ਪੁਰਾ ਦੇ ਜਬਰ-ਜ਼ਨਾਹ ਦਾ ਕੇਸ ਅੱਜ ਵੀ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ।
ਖਹਿਰਾ ਨੇ ਸਾਫ ਕੀਤਾ ਕਿ ਉਹ ਅਜੇ ਵੀ ਆਪਣੇ ਸਟੈਂਡ 'ਤੇ ਕਾਇਮ ਹਨ ਅਤੇ ਉਨ੍ਹਾਂ ਦੇ ਫੌਜ 'ਤੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਜੇਕਰ ਉਨ੍ਹਾਂ ਦੀ ਪੂਰੀ ਗੱਲ ਸਹੀ ਢੰਗ ਨਾਲ ਪੇਸ਼ ਕੀਤੀ ਜਾਂਦੀ ਤਾਂ ਲੋਕਾਂ ਨੂੰ ਸਮਝ ਆ ਜਾਣਾ ਸੀ ਕਿ ਉਨ੍ਹਾਂ ਨੇ ਕੋਈ ਵੀ ਗੈਰ ਵਾਜਬ ਗੱਲ ਨਹੀਂ ਕੀਤੀ। ਪੁਲਵਾਮਾ ਹਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਖਹਿਰਾ ਨੇ ਕਿਹਾ ਕਿ ਪੁਲਵਾਮਾ ਹਮਲੇ ਪਿੱਛੇ ਪਾਕਿਸਤਾਨ ਜਾਂ ਕਿਸੇ ਅੱਤਵਾਦੀ ਦਾ ਹੱਥ ਹੋਵੇ ਉਸ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਨਾਲ ਹੀ ਖਹਿਰਾ ਨੇ ਸਾਫ ਕੀਤਾ ਕਿ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ, ਕਸ਼ਮੀਰ ਦੇ ਮੁੱਦਾ ਦਾ ਹੱਲ ਸਿਆਸੀ ਤੌਰ 'ਤੇ ਗੱਲਬਾਤ ਰਾਹੀਂ ਲੱਭਿਆ ਜਾਣਾ ਚਾਹੀਦਾ ਹੈ।
ਖਹਿਰਾ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਮੁਲਕ ਨਿਊਕਲੀਅਰ ਪਾਵਰ ਹਨ ਜੇਕਰ ਦੋਵਾਂ ਮੁਲਕਾਂ ਦਰਮਿਆਨ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਵੇਗਾ। ਜੇਕਰ ਅਮਰੀਕਾ-ਦੱਖਣੀ ਕੋਰੀਆ ਵਰਗੇ ਨਿਊਕਲੀਅਰ ਪਾਵਰ ਮੁਲਕ ਗੱਲਬਾਤ ਰਾਹੀਂ ਮਾਮਲਾ ਸੁਲਝਾ ਸਕਦੇ ਹਨ ਫਿਰ ਭਾਰਤ-ਪਾਕਿਸਤਾਨ ਕਿਉਂ ਨਹੀਂ ਸੁਲਝਾ ਸਕਦੇ।
ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਭਾਜਪਾ ਦੱਸੇ ਕਿ ਦੇਸ਼ ਅਤੇ ਫੌਜ 'ਤੇ ਹੋ ਰਹੇ ਹਮਲਿਆਂ ਲਈ ਕੌਣ ਜ਼ਿੰਮੇਵਾਰ ਹੈ। ਖਹਿਰਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ ਅੱਜ 34 ਸਾਲ ਦਾ ਸਮਾਂ ਬੀਤ ਚੁੱਕਾ ਹੈ ਜਦਕਿ ਇਸ ਦੇ ਜ਼ਿੰਮੇਵਾਰ ਜਗਦੀਸ਼ ਟਾਈਟਰ ਵਰਗੇ ਅੱਤਵਾਦੀਆਂ ਨੂੰ ਅੱਜ ਤਕ ਸਜ਼ਾ ਨਹੀਂ ਦਿੱਤੀ ਗਈ। ਸਰਕਾਰਾਂ ਦਾ ਹਮੇਸ਼ਾ ਹੀ ਪੰਜਾਬ ਤੇ ਕਸ਼ਮੀਰ ਲਈ ਵੱਖਰਾ ਸਟੈਂਡ ਰਿਹਾ ਹੈ ਜਦਕਿ ਪੁਲਵਾਮਾ ਹਮਲੇ ਪਿੱਛੇ ਸਿਰਫ ਨਵਜੋਤ ਸਿੱਧੂ ਤੇ ਸੁਖਪਾਲ ਖਹਿਰਾ ਨੂੰ ਹੀ ਦੋਸ਼ੀ ਬਣਾਇਆ ਗਿਆ ਹੈ।
ਹਮਲੇ ਪਿੱਛੇ ਜਿਸਦਾ ਵੀ ਹੱਥ ਹੈ, ਉਸ ਨੂੰ ਠੋਕ ਦਿਓ : ਸਿੱਧੂ
NEXT STORY