ਚੰਡੀਗੜ੍ਹ,(ਬਿਊਰੋ)– ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਬੋਲੇ ਜਾ ਰਹੇ ਕੋਰੇ ਝੂਠ ਕਾਂਗਰਸ ਪਾਰਟੀ ਦੇ ਡੁਬਦੇ ਬੇੜੇ ਨੂੰ ਬਚਾਅ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਹ ਦੱਸਣ ਕਿ ਕਾਂਗਰਸ ਸਰਕਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਮਾਮਲੇ ਵਿਚ ਸਾਢੇ 3 ਸਾਲ ਤੱਕ ਕਾਰਵਾਈ ਕਿਉਂ ਨਹੀਂ ਕੀਤੀ?
ਇਥੇ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਕਰਨ ਲਈ ਇੰਨੇ ਕਾਹਲੇ ਹਨ ਕਿ ਉਹ ਇਹ ਦੱਸਣਾ ਹੀ ਭੁੱਲ ਗਏ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਸਲਾਬਤਪੁਰਾ ਕੇਸ ਵਿਚ ਡੇਰਾ ਮੁਖੀ ’ਤੇ ਕੇਸ ਚਲਾਉਣ ਦੀ ਪ੍ਰਵਾਨਗੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖਿਲਾਫ ਨਾ ਸਿਰਫ ਧਾਰਾ 295 ਏ ਅਤੇ 298 ਤਹਿਤ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੇਸ ਦਰਜ ਕੀਤਾ ਗਿਆ ਬਲਕਿ ਧਾਰਾ 153 ਏ ਤਹਿਤ ਦੰਗੇ ਫੈਲਾਉਣ ਦੀ ਮਨਸ਼ਾ ਨਾਲ ਲੋਕਾਂ ਨੂੰ ਭੜਕਾਉਣ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕੇਸ ਸੈਸ਼ਨ ਕੋਰਟ ਵਿਚ ਗਿਆ ਤੇ ਹੁਣ ਇਸ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੰਬਿਤ ਪਿਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਝੂਠਾਂ ਦਾ ਪਰਦਾਫਾਸ਼ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਜਾਖੜ ਜਾਂਚ ਦੇ ਤਰੀਕੇ ਅਤੇ ਜਾਂਚ ਅਫਸਰ ਵੱਲੋਂ ਮਾਮਲੇ ਦੀ ਅਸਲ ਤਾਰੀਕ ਤੇ ਸ਼ਿਕਾਇਤਕਰਤਾ ਵੱਲੋਂ ਦੱਸੀ ਤਾਰੀਕ ਦਾ ਮਾਮਲਾ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਮਹਿਸੂਸ ਕਰਦੀ ਹੈ ਕਿ ਜਾਂਚ ਅਫਸਰ ਜਾਂ ਕਿਸੇ ਹੋਰ ਅਫਸਰ ਨੇ ਸਹੀ ਤਰੀਕੇ ਸਰਕਾਰੀ ਕੇਸ ਦੀ ਪੈਰਵਾਈ ਨਹੀਂ ਕੀਤੀ ਤਾਂ ਫਿਰ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਚੀਮਾ ਨੇ ਸਵਾਲ ਕੀਤਾ ਕਿ ਹੁਣ ਤੱਕ ਸਰਕਾਰ ਸੁੱਤੀ ਕਿਉਂ ਹੋਈ ਹੈ? ਹਾਲੇ ਤੱਕ ਮਾਮਲੇ ਦੀ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ?
ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿਰਫ ਇਸ ਕਰਕੇ ਤਰਲੋਮੱਛੀ ਹੋ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੇ ਮਾਮਲੇ ਵਿਚ ਉਨ੍ਹਾਂ ਕੋਲ ਵਿਖਾਉਣ ਲਈ ਕੁਝ ਵੀ ਨਹੀਂ ਹੈ। ਪਿਛਲੇ ਸਾਢੇ 3 ਸਾਲਾਂ ਦਾ ਕਾਂਗਰਸ ਦਾ ਕਾਰਜਕਾਲ ਵੱਡੀਆਂ ਨਾਕਾਮੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਇਸ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਦੁਖੀ ਕੀਤਾ ਹੈ ਸਗੋਂ ਆਪਣੇ ਵਾਅਦਿਆਂ ਤੋਂ ਵੀ ਭੱਜੀ ਹੈ ਤੇ ਜਾਖੜ ਅਕਾਲੀ ਦਲ ਖਿਲਾਫ ਜਾਣ-ਬੁੱਝ ਕੇ ਦੂਸ਼ਣਬਾਜ਼ੀ ਕਰ ਰਹੇ ਹਨ। ਉਨ੍ਹਾਂ ਜਾਖੜ ਨੂੰ ਭਰੋਸਾ ਦੁਆਇਆ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਇਕ ਬਹੁਤ ਹੀ ਸੰਵੇਦਨਸ਼ੀਲ ਤੇ ਭਾਵੁਕ ਮੁੱਦੇ ’ਤੇ ਘਟੀਆ ਰਾਜਨੀਤੀ ਕਰਨ ਦੀ ਸਜ਼ਾ ਜ਼ਰੂਰ ਦੇਣਗੇ ਜਿਵੇਂ ਕਿ ਲੋਕਾਂ ਨੇ ਬੀਤੇ ਸਮੇਂ ਵਿਚ ਵੀ ਕੀਤਾ ਹੈ।
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 271
NEXT STORY