ਦਿੜ੍ਹਬਾ ਮੰਡੀ(ਅਜੈ)-ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਬੀਤੇ ਸਾਲ ਰਾਸ਼ਟਰੀ ਅਤੇ ਰਾਜ ਮਾਰਗਾਂ ਤੋਂ 500 ਮੀਟਰ ਦੂਰ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਪੰਜਾਬ ਦੀਆਂ ਇਨ੍ਹਾਂ ਦੋਵਾਂ ਹੀ ਸੜਕਾਂ 'ਤੇ ਆਬਕਾਰੀ ਤੇ ਕਰ ਵਿਭਾਗ ਦੀ ਵੱਡੀ ਲਾਪ੍ਰਵਾਹੀ ਨਾਲ ਸ਼ਰਾਬ ਦੇ ਠੇਕੇ ਚਲਦੇ ਰਹੇ ਸਨ। ਇਸ ਮਾਮਲੇ ਸਬੰਧੀ ਸਹਾਇਕ ਆਬਕਾਰੀ ਕਰ ਕਮਿਸ਼ਨਰ ਸੰਗਰੂਰ ਵੱਲੋਂ ਅਨੋਖੀ ਕਿਸਮ ਦਾ ਜਵਾਬ ਭੇਜਦੇ ਹੋਏ ਲਿਖਿਆ ਗਿਆ ਹੈ ਕਿ ਜ਼ਿਲਾ ਸੰਗਰੂਰ ਅੰਦਰ ਰਾਸ਼ਟਰੀ ਤੇ ਰਾਜ ਮਾਰਗਾਂ 'ਤੇ ਸ਼ਰਾਬ ਦੇ ਠੇਕੇ ਉੱਚ ਅਦਾਲਤ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਹੀ ਚਲਾਏ ਗਏ ਸਨ। ਆਰ. ਟੀ. ਆਈ. ਮਾਹਰ ਬ੍ਰਿਸਭਾਨ ਬੁਜਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸੰਗਰੂਰ ਕੋਲੋਂ ਸੂਚਨਾ ਅਧਿਕਾਰ ਐਕਟ 2005 ਤਹਿਤ ਸਾਲ 2017-18 ਦੌਰਾਨ ਜ਼ਿਲੇ ਦੇ ਰਾਸ਼ਟਰੀ ਅਤੇ ਰਾਜ ਮਾਰਗਾਂ ਨੇੜੇ ਚਲਦੇ ਰਹੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਅਤੇ ਉਨ੍ਹਾਂ 'ਤੇ ਕੀਤੀ ਕਾਰਵਾਈ ਸਬੰਧੀ ਪੁੱਛਿਆ ਗਿਆ ਸੀ ਕਿਉਂਕਿ ਉੱਚ ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ ਮੁਤਾਬਕ ਉਕਤ ਮਾਰਗਾਂ ਤੋਂ 500 ਮੀਟਰ ਦੀ ਦੂਰੀ 'ਤੇ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਸਕਦੇ ਸਨ ਤਾਂ ਕਿ ਸੜਕ 'ਤੇ ਵਾਹਨ ਚਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧੇ ਰੂਪ 'ਚ ਆਸਾਨੀ ਨਾਲ ਸ਼ਰਾਬ ਨਾ ਮਿਲ ਸਕੇ ਕਿਉਂਕਿ ਸੜਕ ਹਾਦਸਿਆਂ ਦੇ ਜ਼ਿਆਦਾਤਰ ਮਾਮਲੇ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਨਾਲ ਜੁੜੇ ਹੋਏ ਸਨ ਪਰ ਵਿਭਾਗ ਦੀ ਲਾਪ੍ਰਵਾਹੀ ਕਾਰਨ ਇਹ ਸ਼ਰਾਬ ਦੀਆਂ ਦੁਕਾਨਾਂ ਸੜਕਾਂ ਦੇ ਕਿਨਾਰੇ ਹੀ ਚੱਲ ਰਹੀਆਂ ਸਨ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਜਦੋਂ ਇਨ੍ਹਾਂ ਦੁਕਾਨਾਂ ਦੀ ਗਿਣਤੀ ਅਤੇ ਕਾਰਵਾਈ ਸਬੰਧੀ ਪੁੱਛਿਆ ਗਿਆ ਤਾਂ ਸਹਾਇਕ ਆਬਕਾਰੀ ਵਿਭਾਗ ਦੇ ਸੂਚਨਾ ਅਫਸਰ ਨੇ ਅਨੋਖਾ ਹੀ ਜਵਾਬ ਭੇਜ ਦਿੱਤਾ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਹੀ ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਸਨ ਜਦੋਂ ਕਿ ਕੋਰਟ ਵੱਲੋਂ ਅਜਿਹੇ ਕੋਈ ਵੀ ਹੁਕਮ ਜਾਰੀ ਨਹੀਂ ਕੀਤੇ ਗਏ। ਇਸ ਸਬੰਧੀ ਸੰਗਰੂਰ ਦੇ ਸਹਾਇਕ ਕਮਿਸ਼ਨਰ ਦਰਬਾਰਾ ਸਿੰਘ ਨੇ ਕਿਹਾ ਕਿ ਸੜਕਾਂ 'ਤੇ ਸ਼ਰਾਬ ਦੇ ਠੇਕੇ ਨਿਯਮਾਂ ਮੁਤਾਬਕ ਦੂਰੀ ਛੱਡ ਕੇ ਹੀ ਖੋਲ੍ਹੇ ਗਏ ਸਨ।
ਮੋਦੀ ਸਰਕਾਰ ਦੇ ਝੂਠੇ ਚੋਣ ਵਾਅਦਿਆਂ ਦਾ ਬੂਥ ਪੱਧਰ ਤਕ ਕਰਾਂਗੇ ਪ੍ਰਚਾਰ : ਮਮਤਾ ਭੂਪੇਸ਼
NEXT STORY