ਲੁਧਿਆਣਾ (ਰਾਜ)- ਤਰਨਤਾਰਨ ’ਚ ਹੋਏ ਇਕ ਅੰਨ੍ਹੇ ਕਤਲ ਦੀ ਗੁੱਥੀ ਲੁਧਿਆਣਾ ਪੁਲਸ ਨੇ ਸੁਲਝਾ ਲਈ ਹੈ। ਥਾਣਾ ਹੈਬੋਵਾਲ ਦੀ ਪੁਲਸ ਨੇ ਡਕੈਤੀ ਦੀ ਯੋਜਨਾ ਬਣਾ ਰਹੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਸੀ, ਜਦੋਂਕਿ ਉਨ੍ਹਾਂ ਦਾ ਪੰਜਵਾਂ ਸਾਥੀ ਫ਼ਰਾਰ ਹੋ ਗਿਆ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ’ਚ ਸਾਹਮਣੇ ਆਇਆ ਕਿ 3 ਮੁਲਜ਼ਮਾਂ ਨੇ ਦੋ ਮਹੀਨੇ ਪਹਿਲਾਂ ਤਰਨਤਾਰਨ ’ਚ ਇਕ ਸੁਨਿਆਰੇ ਦੀ ਗੱਡੀ ਅਤੇ ਸਾਮਾਨ ਲੁੱਟ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਹੁਣ ਉਹ ਲੁਧਿਆਣਾ ਵਿਚ ਵੱਡੀ ਡਕੈਤੀ ਦੀ ਯੋਜਨਾ ਬਣਾ ਰਹੇ ਸਨ ਪਰ ਪੁਲਸ ਨੇ ਦਬੋਚ ਲਏ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਜੌਨੀ, ਹਰਪ੍ਰੀਤ ਸਿੰਘ ਉਰਫ ਹੈਪੀ ਸੁਹਾਰਾ, ਗੁਰਦੇਵ ਸਿੰਘ ਅਤੇ ਅਜੀਤ ਸਿੰਘ ਹਨ, ਜਦੋਂਕਿ ਫਰਾਰ ਮੁਲਜ਼ਮ ਕਰਣਵੀਰ ਸਿੰਘ ਉਰਫ ਕਰਣ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿੱਥੋਂ ਉਨ੍ਹਾਂ ਨੂੰ ਰਿਮਾਂਡ ’ਤੇ ਭੇਜਿਆ ਗਿਆ ਹੈ। ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਜੁਆਇੰਟ ਸੀ. ਪੀ. (ਸਿਟੀ) ਨਰਿੰਦਰ ਭਾਰਗਵ, ਏ. ਡੀ. ਸੀ. ਪੀ.-3 ਸ਼ੁਭਮ ਅਗਰਵਾਲ ਅਤੇ ਏ. ਸੀ. ਪੀ. (ਵੈਸਟ) ਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਹੈਬੋਵਾਲ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਅਤੇ ਚੌਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਪੁਲਸ ਪਾਰਟੀ ਨਾਲ ਜੱਸੀਆਂ ਰੇਲਵੇ ਫਾਟਕਾਂ ਕੋਲ ਨਾਕਾਬੰਦੀ ’ਤੇ ਮੌਜੂਦ ਸਨ ਤਾਂ ਉਸੇ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਹੁਸੈਨਪੁਰਾ ਰੇਲਵੇ ਫਾਟਕਾਂ ਕੋਲ ਬੈਠੇ ਵੱਡੀ ਵਾਰਦਾਤ ਦੀ ਤਾਕ ’ਚ ਹਨ। ਇਸ ਤੋਂ ਬਾਅਦ ਪੁਲਸ ਨੇ ਛਾਪਮੇਾਰੀ ਕਰ ਕੇ 4 ਮੁਲਜ਼ਮਾਂ ਨੂੰ ਫੜ ਲਿਆ, ਜਦੋਂਕਿ 5ਵਾਂ ਮੌਕੇ ਤੋਂ ਫਰਾਰ ਹੋ ਗਿਆ ਸੀ।
ਤੇਜ਼ਧਾਰ ਹਥਿਆਰਾਂ ਨਾਲ 40 ਵਾਰ ਕਰ ਕੇ ਮਾਰਿਆ ਸੀ ਸੁਨਿਆਰਾ
ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ। ਮੁਲਜ਼ਮਾਂ ਨੇ ਤਰਨਤਾਰਨ ’ਚ ਇਕ ਸੁਨਿਆਰੇ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੁਲਜ਼ਮ ਮਨਪ੍ਰੀਤ ਸਿੰਘ ਉਰਫ ਜੌਨੀ, ਹਰਪ੍ਰੀਤ ਸਿੰਘ ਉਰਫ ਹੈਪੀ ਸੁਹਾਰਾ ਅਤੇ ਗੁਰਦੇਵ ਸਿੰਘ ਨੇ ਭਿਖੀਵਿੰਡ ਦੇ ਸੁਨਿਆਰੇ ਰਣਜੀਤ ਸਿੰਘ ਉਰਫ ਬਾਬਾ ਦਾ ਤੇਜ਼ਧਾਰ ਹਥਿਆਰ ਨਾਲ 40 ਵਾਰ ਕਰ ਕੇ ਕਤਲ ਕਰ ਦਿੱਤਾ ਸੀ ਅਤੇ ਮ੍ਰਿਤਕ ਦੀ ਸਵਿਫਟ ਗੱਡੀ, ਪਿਤਸੌਲ ਅਤੇ ਉਸ ਦੇ ਪਹਿਨੇ ਹੋਏ ਗਹਿਣੇ ਲੈ ਕੇ ਫਰਾਰ ਹੋ ਗਏ ਸਨ, ਜੋ ਇਸ ਮਾਮਲੇ ਵਿਚ ਤਰਨਤਾਰਨ ਦੇ ਥਾਣਾ ਸਦਰ ’ਚ ਕਤਲ ਅਤੇ ਲੁੱਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੈ।
ਬਠਿੰਡਾ ਦੇ ਸਿਵਲ ਹਸਪਤਾਲ ਵੱਲੋਂ ਔਰਤ ਨੂੰ HIV ਪਾਜ਼ੇਟਿਵ ਖੂਨ ਚੜ੍ਹਾਉਣ 'ਤੇ ਸਿਹਤ ਵਿਭਾਗ ਤਲਬ
NEXT STORY