ਲੁਧਿਆਣਾ (ਖ਼ੁਰਾਨਾ): ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵੱਲੋਂ ਬਾਲ ਭਿੱਖਿਆ ਦੇ ਖਾਤਮੇ ਲਈ ਚਲਾਈ ਗਈ ਮੁਹਿੰਮ ਤਹਿਤ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਜਿਵੇਂ ਕਿ ਬੱਸ ਸਟੈਂਡ, ਭਾਰਤ ਨਗਰ ਚੌਕ, ਦੁਰਗਾ ਮਾਤਾ ਮੰਦਿਰ ਅਤੇ ਪਵੇਲੀਅਨ ਚੌਕ ਦੇ ਆਸ-ਪਾਸ ਦੇ ਇਲਾਕਿਆਂ ਵਿਚ ਛਾਪੇਮਾਰੀ ਕਰਕੇ 6 ਬਾਲ ਭਿਖਾਰੀਆਂ ਨੂੰ ਰੈਸਕਿਊ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਦੌਰਾਨ ਟੀਮ ਵਿਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਜ਼ਾਦ ਕਰਵਾਏ ਗਏ ਸਾਰੇ ਮਾਸੂਮ ਬੱਚਿਆਂ ਦੀ ਸਥਾਨਕ ਸਿਵਲ ਹਸਪਤਾਲ ਤੋਂ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਲਈ ਬੱਚਿਆਂ ਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਅਤੇ ਚੌਕਾਂ 'ਤੇ ਮਾਸੂਮ ਬੱਚਿਆਂ ਤੋਂ ਭੀਖ ਮੰਗਵਾਉਣ ਲਈ ਸ਼ਾਤਰ ਭਿਖਾਰੀਆਂ ਦੇ ਕਈ ਗਰੁੱਪ ਸਰਗਰਮ ਹਨ। ਇਹ ਗਰੁੱਪ ਮਹਿਜ਼ ਕੁਝ ਪੈਸਿਆਂ ਦੇ ਲਾਲਚ ਵਿਚ ਨਾ ਸਿਰਫ਼ ਮਾਸੂਮ ਬੱਚਿਆਂ ਦੇ ਉਜਵਲ ਭਵਿੱਖ ਨੂੰ ਹਨੇਰੇ ਵੱਲ ਧੱਕਣ ਵਰਗੇ ਗੰਭੀਰ ਅਪਰਾਧ ਨੂੰ ਅੰਜਾਮ ਦੇ ਰਹੇ ਹਨ, ਸਗੋਂ ਬੱਚਿਆਂ ਨੂੰ ਸਿੱਖਿਆ ਵਰਗੇ ਵਡਮੁੱਲੇ ਗਿਆਨ ਤੋਂ ਵਾਂਝਾ ਰੱਖ ਕੇ ਚੋਰੀ-ਚਕਾਰੀ ਅਤੇ ਨਸ਼ਿਆਂ ਦੀ ਦਲਦਲ ਵਿਚ ਫਸਾ ਕੇ ਉਨ੍ਹਾਂ ਦੇ ਮਾਸੂਮ ਬਚਪਨ ਨੂੰ ਬਰਬਾਦ ਕਰ ਰਹੇ ਹਨ। ਇਨ੍ਹਾਂ ਵਿਚੋਂ ਭਿਖਾਰੀਆਂ ਦੇ ਜ਼ਿਆਦਾਤਰ ਗਿਰੋਹ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਮਾਸੂਮ ਬੱਚਿਆਂ ਨੂੰ ਚੋਰੀ ਕਰਕੇ ਭਿੱਖਿਆ ਮੰਗਵਾਉਣ ਵਰਗੇ ਗੰਭੀਰ ਅਪਰਾਧ ਦਾ ਸ਼ਿਕਾਰ ਬਣਾ ਰਹੇ ਹਨ। ਇੰਨਾ ਹੀ ਨਹੀਂ, ਸ਼ਹਿਰ ਦੇ ਪ੍ਰਮੁੱਖ ਚੌਕਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਭਾਰਤ ਨਗਰ ਚੌਕ, ਜਗਰਾਉਂ ਪੁਲ, ਦੁਰਗਾ ਮਾਤਾ ਮੰਦਿਰ, ਪਵੇਲੀਅਨ ਚੌਕ, ਭਾਈ ਬਾਲਾ ਚੌਕ ਅਤੇ ਕਚਹਿਰੀ ਰੋਡ ਸਮੇਤ ਹੋਰ ਥਾਵਾਂ 'ਤੇ ਭੀਖ ਮੰਗਣ ਵਾਲੀਆਂ ਔਰਤਾਂ ਦੀ ਗੋਦ ਵਿਚ ਚੁੱਕੇ ਹੋਏ ਛੋਟੇ ਬੱਚੇ ਹਮੇਸ਼ਾ ਬੇਸੁਧ ਹੀ ਰਹਿੰਦੇ ਹਨ, ਜਿਵੇਂ ਬੱਚਿਆਂ ਨੂੰ ਕੋਈ ਨਸ਼ਾ ਦੇ ਕੇ ਜਾਣਬੁੱਝ ਕੇ ਸਵਾਇਆ ਗਿਆ ਹੋਵੇ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਟਾਸਕ ਫੋਰਸ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਆਜ਼ਾਦ ਕਰਵਾਏ ਗਏ ਸਾਰੇ ਬਾਲ ਭਿਖਾਰੀਆਂ ਦੀ ਉਮਰ ਸੰਭਾਵਿਤ ਤੌਰ 'ਤੇ 5 ਤੋਂ 10 ਸਾਲ ਦੇ ਵਿਚਕਾਰ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਰੈਸਕਿਊ ਕਰਵਾਏ ਗਏ ਬੱਚਿਆਂ ਦਾ ਸਥਾਨਕ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ ਬੱਚਿਆਂ ਨੂੰ ਚਾਈਲਡ ਵੈੱਲਫੇਅਰ ਕਮੇਟੀ ਦੇ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਛਾਪੇਮਾਰੀ ਕਰਨ ਵਾਲੀ ਟੀਮ ਵਿਚ ਸੰਦੀਪ ਸਿੰਘ (ਸੁਪਰਵਾਈਜ਼ਰ ਚਾਈਲਡ ਲਾਈਨ), ਸ਼ਰਦ ਸੂਦ (ਸੁਪਰਵਾਈਜ਼ਰ ਚਾਈਲਡ ਲਾਈਨ), ਸੰਦੀਪ (ਵਾਲੰਟੀਅਰ ਚਾਈਲਡ ਲਾਈਨ), ਪ੍ਰਭਜੋਤ ਕੌਰ (ਵਾਲੰਟੀਅਰ), ਨਵਤੇਜ ਕੌਰ (ਹੈੱਡ ਕਾਂਸਟੇਬਲ, ਮਾਨਵ ਤਸਕਰੀ ਵਿਰੋਧੀ ਪੁਲਿਸ ਦਸਤਾ), ਤਿਲਕ ਰਾਜ (ਸਹਾਇਕ ਸਬ-ਇੰਸਪੈਕਟਰ, ਮਾਨਵ ਤਸਕਰੀ ਵਿਰੋਧੀ ਪੁਲਿਸ ਵਿੰਗ) ਅਤੇ ਹਰਮਿੰਦਰ ਸਿੰਘ ਰੋਮੀ (ਸਿੱਖਿਆ ਵਿਭਾਗ) ਆਦਿ ਮੁੱਖ ਤੌਰ 'ਤੇ ਹਾਜ਼ਰ ਸਨ।
ਕੁੱਟਮਾਰ ਕਰਨ ਦੇ ਦੋਸ਼ਾਂ 'ਚ 10 ਨਾਮਜ਼ਦ
NEXT STORY