ਜਲੰਧਰ (ਖੁਰਾਣਾ)— ਪੰਜਾਬ ਸਰਕਾਰ ਨੇ ਜਲੰਧਰ ਨਗਰ ਨਿਗਮ ਦੇ ਟੈਕਨੀਕਲ ਬਿਲਡਿੰਗ ਇੰਸਪੈਕਟਰ ਆਰ. ਐੱਸ. ਟਿਵਾਣਾ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਲੋਕਲ ਬਾਡੀਜ਼ ਦੇ ਡਾਇਰੈਕਟਰ ਕਰੁਨੇਸ਼ ਸ਼ਰਮਾ ਨੇ ਇਹ ਕਾਰਵਾਈ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ ਦੀ ਸਿਫਾਰਸ਼ 'ਤੇ ਕੀਤੀ ਹੈ।
ਕਮਿਸ਼ਨਰ ਲਾਕੜਾ ਨੇ 18 ਮਾਰਚ 2019 ਨੂੰ ਚੰਡੀਗੜ੍ਹ ਇਕ ਰਿਪੋਰਟ ਭੇਜ ਕੇ ਦੋਸ਼ ਲਾਇਆ ਸੀ ਕਿ ਬਿਲਡਿੰਗ ਇੰਸਪੈਕਟਰ ਰੁਪਿੰਦਰ ਸਿੰਘ ਟਿਵਾਣਾ ਖੁਰਲਾ ਕਿੰਗਰਾ ਰੋਡ 'ਤੇ ਸਥਿਤ ਨਿਊ ਹੈਵਨ ਸੈਲੂਨ ਵਾਲੀ ਨਾਜਾਇਜ਼ ਬਣ ਰਹੀ ਬਿਲਡਿੰਗ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਕਮਿਸ਼ਨਰ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਟਿਵਾਣਾ ਦੇ ਸੈਕਟਰ ਵਿਚ ਮਾਡਲ ਟਾਊਨ ਅਤੇ ਹੋਰ ਖੇਤਰਾਂ 'ਚ ਵੀ ਨਾਜਾਇਜ਼ ਨਿਰਮਾਣ ਚੱਲ ਰਹੇ ਹਨ। ਪੰਜਾਬ ਸਰਕਾਰ ਨੇ ਨਿਗਮ ਕਮਿਸ਼ਨਰ ਨੂੰ ਇਸ ਮਾਮਲੇ 'ਚ ਹੁਕਮ ਦਿੱਤੇ ਹਨ ਕਿ ਬਿਲਡਿੰਗ ਇੰਸਪੈਕਟਰ ਆਰ. ਐੱਸ. ਟਿਵਾਣਾ ਨੂੰ ਜਾਰੀ ਕੀਤੇ ਜਾਣ ਵਾਲੇ ਦੋਸ਼ ਪੱਤਰ, ਦੋਸ਼ਾਂ ਦਾ ਆਧਾਰ, ਦਸਤਾਵੇਜ਼ਾਂ ਤੇ ਗਵਾਹਾਂ ਦੀ ਸੂਚੀ ਇਕ ਹਫਤੇ ਅੰਦਰ ਚੰਡੀਗੜ੍ਹ ਭੇਜੀ ਜਾਏ। ਸਸਪੈਂਡ ਇੰਸਪੈਕਟਰ 'ਤੇ ਚਾਰਜਸ਼ੀਟ ਬਾਅਦ 'ਚ ਫਾਈਨਲ ਕੀਤੀ ਜਾਵੇਗੀ।
ਕਾਲਾ ਸੰਘਿਆਂ ਰੋਡ 'ਤੇ ਬਣੀਆਂ ਦੁਕਾਨਾਂ ਨੂੰ ਪਿੱਛੇ ਕਰਨਗੇ ਬਿਲਡਿੰਗ ਮਾਲਕ
ਬਿਲਡਿੰਗ ਇੰਸਪੈਕਟਰ ਆਰ. ਐੱਸ. ਟਿਵਾਣਾ ਦੇ ਸੈਕਟਰ 'ਚ ਹੀ ਕਾਲਾ ਸੰਘਿਆਂ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਨਾਜਾਇਜ਼ ਤੌਰ 'ਤੇ ਬਣੀਆਂ 3 ਦੁਕਾਨਾਂ ਦੇ ਮਾਲਕਾਂ ਨੇ ਹੁਣ ਇਨ੍ਹਾਂ ਦੁਕਾਨਾਂ ਨੂੰ ਖੁਦ ਤੋੜ ਕੇ ਪਿੱਛੇ ਕਰਨ ਦਾ ਮਨ ਬਣਾਇਆ ਹੈ। ਸੂਤਰਾਂ ਅਨੁਸਾਰ ਜਲਦ ਹੀ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਬਿਲਡਿੰਗ ਮਾਲਕਾਂ ਨੇ ਦੁਕਾਨਾਂ ਨੂੰ ਰੈਗੂਲਰਾਈਜ਼ ਕਰਨ ਲਈ ਨਿਗਮ ਨੂੰ ਅਰਜ਼ੀ ਵੀ ਦਿੱਤੀ ਸੀ ਅਤੇ ਕੁਝ ਦਿਨ ਪਹਿਲਾਂ ਨਿਗਮ ਅਧਿਕਾਰੀ ਮੌਕੇ 'ਤੇ ਕਾਰਵਾਈ ਕਰਨ ਵੀ ਗਏ ਸਨ, ਜਿੱਥੇ ਬਿਲਡਿੰਗ ਮਾਲਕਾਂ ਨੇ ਲਿਖ ਕੇ ਦਿੱਤਾ ਸੀ ਕਿ ਉਹ ਖੁਦ ਨਾਜਾਇਜ਼ ਨਿਰਮਾਣ ਤੋੜ ਲੈਣਗੇ। ਹੁਣ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਸ਼ਡਿਊਲ ਰੋਡ ਹੋਈ ਤਾਂ 20 ਫੁੱਟ ਖੇਤਰ ਵਿਚ ਨਿਰਮਾਣ ਨਹੀਂ ਹੋ ਸਕਦਾ। ਅਜਿਹੇ 'ਚ ਇਨ੍ਹਾਂ ਦੁਕਾਨਾਂ ਨੂੰ ਕਿੰਨਾ ਪਿੱਛੇ ਕੀਤਾ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ। ਇਨ੍ਹਾਂ ਦੁਕਾਨਾਂ ਨੂੰ ਲੈ ਕੇ ਅੱਜ ਵੀ ਨਿਗਮ ਕੋਲ ਲਿਖਿਤ ਸ਼ਿਕਾਇਤ ਅਤੇ ਨਿਗਮ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜ ਦਿੱਤੀ ਗਈ ਹੈ।
ਸਿਵਲ ਸਰਜਨ ਦੇ ਭਾਸ਼ਣ 'ਚ ਝਪਕੀਆਂ ਲੈਂਦੇ ਨਜ਼ਰ ਆਏ ਐੱਸ.ਐੱਮ.ਓ. (ਵੀਡੀਓ)
NEXT STORY