ਟਾਂਡਾ ਉੜਮੁੜ, (ਪੰਡਿਤ)- ਪਿੰਡ ਨੰਗਲੀ (ਜਲਾਲਪੁਰ) ਵਿਚ ਕੋਰੋਨਾ ਦੀ ਲਪੇਟ ਵਿਚ ਆਏ ਸਭ 29 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਪਿੰਡ ਕੋਰੋਨਾ ਮੁਕਤ ਹੋ ਚੁੱਕਾ ਸੀ। ਹੁਣ ਤੱਕ ਕੋਈ ਵੀ ਪਾਜ਼ੇਟਿਵ ਕੇਸ ਸਾਹਮਣੇ ਨਾ ਆਉਣ 'ਤੇ ਪ੍ਰਸ਼ਾਸਨ ਵੱਲੋਂ ਸਮਾਂ ਪੂਰਾ ਹੋਣ 'ਤੇ ਸੁਰੱਖਿਆ ਦੇ ਮੱਦੇਨਜ਼ਰ ਨੰਗਲੀ ਇਲਾਕੇ ਵਿਚ ਬਣਾਏ ਕੰਟੇਨਮੈਂਟ ਜ਼ੋਨ ਦੀਆਂ ਬੰਦਿਸ਼ਾਂ ਅੱਜ 15 ਜੂਨ ਨੂੰ ਖਤਮ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਸਿਹਤ ਵਿਭਾਗ ਵੱਲੋਂ ਲਏ ਗਏ ਪਿੰਡ ਵਾਸੀਆਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ 73 ਟੈਸਟਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਐੱਸ. ਐੱਮ. ਓ. ਕੇ. ਆਰ. ਬਾਲੀ ਨੇ ਦੱਸਿਆ ਕਿ 'ਮਿਸ਼ਨ ਫਤਿਹ' ਤਹਿਤ ਪਿੰਡ ਵਿਚ 29 ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਪਿੰਡ ਆਉਣ ਤੋਂ ਬਾਅਦ ਇਲਾਕੇ ਵਿਚ ਲਗਭਗ 450 ਕੋਰੋਨਾ ਟੈਸਟ ਲਏ ਗਏ ਸਨ, ਜੋ ਨੈਗੇਟਿਵ ਆਏ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਦੀ ਟੀਮ ਨੋਡਲ ਅਫਸਰ ਡਾ. ਹਰਪ੍ਰੀਤ ਸਿੰਘ, ਡਾ. ਕਰਨ ਵਿਰਕ, ਡਾ. ਰਵੀ ਕੁਮਾਰ, ਸ਼ਵਿੰਦਰ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ, ਹਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਅਤੇ ਸਰਕਾਰੀ ਹਸਪਤਾਲ ਦਸੂਹਾ ਦੀ ਡਾ. ਹਰਸ਼ਾ ਦੀ ਟੀਮ ਦੀ ਸਖਤ ਮਿਹਨਤ ਸਦਕਾ ਵਿਭਾਗ ਕੋਰੋਨਾ ਚੇਨ ਤੋੜਨ ਵਿਚ ਸਫਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵੱਲੋਂ ਹੁਣ ਫਿਲਹਾਲ ਨੰਗਲੀ ਇਲਾਕੇ ਵਿਚ ਜਾਕੇ ਕੋਰੋਨਾ ਟੈਸਟ ਨਹੀਂ ਕੀਤੇ ਜਾਣਗੇ। ਬਲਕਿ ਹੁਣ ਜ਼ਰੂਰਤ ਪੈਣ 'ਤੇ ਸਰਕਾਰੀ ਹਸਪਤਾਲ ਟਾਂਡਾ ਵਿਚ ਹੀ ਡਾ. ਰਵੀ ਕੁਮਾਰ ਦੀ ਟੀਮ ਰੋਜ਼ਾਨਾ ਘੱਟ ਤੋਂ ਘੱਟ 25 ਟੈਸਟ ਕਰਿਆ ਕਰੇਗੀ।
ਉਨ੍ਹਾਂ ਦੱਸਿਆ ਕਿ ਇਹ ਟੈਸਟ ਉਨ੍ਹਾਂ ਲੋਕਾਂ ਦੇ ਹੋਣਗੇ ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਹੋਣਗੇ ਅਤੇ ਜੋ ਲੋਕ ਹੋਰਨਾਂ ਸੂਬਿਆਂ ਦੇ ਰੈੱਡ ਜ਼ੋਨ ਵਿਚੋਂ ਆਏ ਹੋਣਗੇ। ਇਸ ਦੌਰਾਨ ਡਾ. ਬਾਲੀ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪੋ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਮਾਸਕ ਦੇ ਉਪਯੋਗ ਨੂੰ ਯਕੀਨੀ ਬਣਾਉਣ ਦੀ ਪ੍ਰੇਰਨਾ ਦਿੰਦੇ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਨਾਲ ਫੈਲਦਾ ਹੈ, ਇਸ ਲਈ ਸਮਾਜਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੀਟਾਈਜ਼ਰ ਤੇ ਸਮੇਂ-ਸਮੇਂ 'ਤੇ 20 ਸੈਕਿੰਡ ਤੱਕ ਹੱਥ ਧੋਣੇ ਯਕੀਨੀ ਬਣਾਏ ਜਾਣ।
ਅੰਮ੍ਰਿਤਸਰ 'ਚ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਿਹਾ ਕੋਰੋਨਾ, 15 ਨਵੇਂ ਮਾਮਲੇ ਆਏ ਸਾਹਮਣੇ
NEXT STORY