ਦੇਵੀਗੜ੍ਹ (ਭੁਪਿੰਦਰ) - ਪਿੰਡ ਤੇ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਸਰਗਰਮ ਰਹਿਣ ਵਾਲੇ ਪਿੰਡ ਸ਼ੇਖੂਪੁਰ ਦੇ ਸਾਬਕਾ ਸਰਪੰਚ ਸ਼ਾਮ ਗਿਰ ਉਰਫ ਸ਼ਾਮ ਲਾਲ (47) ਪੁੱਤਰ ਭਗਵਾਨ ਗਿਰ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਦੀ ਆਸ 'ਚ ਬੈਠੇ ਸਾਬਕਾ ਸਰਪੰਚ ਨੂੰ ਜਦੋਂ ਬੈਂਕ ਮੁਲਾਜ਼ਮਾਂ ਨੇ ਨੋਟਿਸ ਦਿੱਤਾ ਤਾਂ ਪ੍ਰੇਸ਼ਾਨੀ 'ਚ ਉਸ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਸ਼ੇਖੂਪੁਰ ਦੇ ਸਾਬਕਾ ਸਰਪੰਚ ਸ਼ਾਮ ਗਿਰ ਉਰਫ ਸ਼ਾਮ ਲਾਲ ਨੇ ਖੇਤੀਬਾੜੀ ਲਈ ਕਾਰਪੋਰੇਸ਼ਨ ਬੈਂਕ ਪਟਿਆਲਾ ਤੋਂ 30 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਖੇਤੀਬਾੜੀ 'ਚ ਘਾਟਾ ਪੈਣ ਕਾਰਨ ਉਹ ਕਰਜ਼ਾ ਸਮੇਂ ਸਿਰ ਨਾ ਮੋੜ ਸਕਿਆ, ਜਿਸ ਕਾਰਨ ਕਰਜ਼ੇ ਦੀ ਰਕਮ ਹੋਰ ਵਧ ਗਈ। ਬੈਂਕ ਦੇ ਕਰਮਚਾਰੀਆਂ ਨੇ ਵੀ ਉਸ ਦੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਬੀਤੇ ਦਿਨ ਬੈਂਕ ਦੇ ਕਰਮਚਾਰੀਆਂ ਨੇ ਸ਼ਾਮ ਲਾਲ ਨੂੰ ਬੈਂਕ ਦਾ 40 ਲੱਖ 52 ਹਜ਼ਾਰ ਰੁਪਏ ਦਾ ਕਰਜ਼ਾ ਵਾਪਸ ਮੋੜਨ ਲਈ ਇਕ ਨੋਟਿਸ ਦਿੱਤਾ, ਜਿਸ ਕਾਰਨ ਉਹ ਦੁਖੀ ਰਹਿਣ ਲੱਗਾ, ਜਿਸ ਦਾ ਉਸ ਦੇ ਪਰਿਵਾਰ ਨੂੰ ਵੀ ਪਤਾ ਲੱਗ ਗਿਆ ਪਰ ਪਰਿਵਾਰ 'ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਬੀਤੀ ਰਾਤ 9 ਵਜੇ ਉਸ ਨੇ ਆਪਣੀ ਮੋਟਰ 'ਤੇ ਜ਼ਹਿਰ ਖਾ ਲਿਆ। ਇਸ ਘਟਨਾ ਬਾਰੇ ਜਦੋਂ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਗਿਆ ਪਰ ਰਸਤੇ 'ਚ ਹੀ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਸ਼ਾਮ ਲਾਲ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਦੀ ਥਾਣਾ ਜੁਲਕਾਂ ਦੀ ਪੁਲਸ ਪੜਤਾਲ ਕਰ ਰਹੀ ਹੈ, ਜਦਕਿ ਮ੍ਰਿਤਕ ਦੀ ਪਤਨੀ ਆਪਣੇ ਪਤੀ ਦੀ ਮੌਤ ਲਈ ਬੈਂਕ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਨੂੰ ਜ਼ਿੰਮੇਵਾਰ ਕਰਾਰ ਦੇ ਰਹੀ ਹੈ, ਜਿਸ ਕਾਰਨ ਹੀ ਦੁਖੀ ਹੋ ਕੇ ਉਸ ਦੇ ਪਤੀ ਨੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਬੈਂਕ ਕਰਮਚਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਸ਼ਿਕਾਇਤ ਵੀ ਕੀਤੀ ਹੈ।
ਦੁਕਾਨ ਦਾ ਸ਼ਟਰ ਤੋੜ ਕੇ ਕੀਤੇ ਮੋਬਾਇਲ ਚੋਰੀ
NEXT STORY