ਮੋਗਾ, (ਆਜ਼ਾਦ)- ਪਿੰਡ ਜੈ ਸਿੰਘ ਵਾਲਾ ਨਿਵਾਸੀ ਹਰਵਿੰਦਰ ਸਿੰਘ, ਜੋ ਪਿੰਡ 'ਚ ਸੈਲੂਨ ਦਾ ਕੰਮ ਕਰਦਾ ਸੀ, ਦੀ ਲਾਸ਼ ਅੱਜ ਸਵੇਰੇ ਪਿੰਡ 'ਚ ਸਥਿਤ ਇਕ ਖੂਹ 'ਚੋਂ ਬਰਾਮਦ ਹੋਈ, ਜਦਕਿ ਉਸ ਦਾ ਮੋਟਰਸਾਈਕਲ ਬੀਤੀ ਰਾਤ ਬਰਾਮਦ ਕਰ ਲਿਆ ਗਿਆ ਸੀ। ਪੁਲਸ ਨੇ ਉਕਤ ਮਾਮਲੇ 'ਚ ਸੁਰਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਬੱਬੀ ਪੁੱਤਰ ਗੁਰਦੇਵ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਸ ਦਾ ਭਰਾ ਹਰਵਿੰਦਰ ਸਿੰਘ ਬੀਤੀ 16 ਜਨਵਰੀ ਨੂੰ ਕਿਸੇ ਦਾ ਫੋਨ ਸੁਣਨ ਲਈ ਘਰੋਂ ਬਾਹਰ ਚਲਾ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ, ਜਿਸ 'ਤੇ ਪੁਲਸ ਨੇ 18 ਜਨਵਰੀ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਬੀਤੀ 16 ਫਰਵਰੀ ਨੂੰ ਮਨਪ੍ਰੀਤ ਸਿੰਘ ਬੱਬੀ ਨੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਮੇਰੇ ਭਰਾ ਹਰਵਿੰਦਰ ਸਿੰਘ ਦੀ ਹੱਤਿਆ ਸੁਰਿੰਦਰਪਾਲ ਸਿੰਘ, ਉਸ ਦੇ ਭਰਾ ਜਗਦੀਪ ਸਿੰਘ ਅਤੇ ਸੁਰਿੰਦਰਪਾਲ ਸਿੰਘ ਦੀ ਪਤਨੀ ਅਮਰਪ੍ਰੀਤ ਕੌਰ ਉਰਫ ਵੀਰਪਾਲ ਕੌਰ ਨੇ ਕਥਿਤ ਮਿਲੀਭੁਗਤ ਕਰ ਕੇ ਕੀਤੀ ਹੈ, ਜਿਸ 'ਤੇ ਪੁਲਸ ਨੇ ਉਕਤ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ।
ਅੱਜ ਹਰਵਿੰਦਰ ਸਿੰਘ ਦੀ ਲਾਸ਼ ਖੂਹ 'ਚੋਂ ਬਰਾਮਦ ਕਰ ਲਈ ਗਈ ਹੈ। ਲਾਸ਼ ਪੋਸਟਮਾਰਟਮ ਲਈ ਮੈਡੀਕਲ ਕਾਲਜ ਫਰੀਦਕੋਟ ਭੇਜੀ ਗਈ ਹੈ।
ਕਿਉਂ ਕੀਤੀ ਹੱਤਿਆ
ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਸਮੇਂ ਕਾਬੂ ਕੀਤੇ ਗਏ ਦੋਸ਼ੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਪਤਨੀ ਅਮਰਪ੍ਰੀਤ ਕੌਰ ਨੂੰ ਮ੍ਰਿਤਕ ਹਰਵਿੰਦਰ ਸਿੰਘ ਦੇ ਮੋਟਰਸਾਈਕਲ 'ਤੇ ਆਉਂਦੇ-ਜਾਂਦੇ ਦੇਖਿਆ ਸੀ, ਜਿਸ 'ਤੇ ਮੈਂ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਅਤੇ ਆਪਣੀ ਪਤਨੀ ਨੂੰ ਵੀ ਸਮਝਾਇਆ ਪਰ ਉਨ੍ਹਾਂ ਕੋਈ ਗੱਲ ਨਹੀਂ ਸੁਣੀ। ਮੈਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਦੋਵਾਂ ਦੇ ਕਥਿਤ ਪ੍ਰੇਮ ਸਬੰਧ ਹਨ।
ਇਸੇ ਰੰਜਿਸ਼ ਕਾਰਨ ਮੈਂ ਉਸ ਨੂੰ ਇਹ ਕਹਿ ਕੇ ਆਪਣੀ ਮੋਟਰ 'ਤੇ ਬੁਲਾਇਆ ਕਿ ਮੈਂ ਮੋਬਾਇਲ ਠੀਕ ਕਰਵਾਉਣਾ ਹੈ, ਜਦੋਂ ਹੀ ਉਹ ਮੋਟਰ 'ਤੇ ਆਇਆ ਤਾਂ ਮੈਂ ਉਸ ਦੇ ਸਿਰ 'ਤੇ ਇੱਟ ਮਾਰ ਕੇ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਨਾਲ ਹੀ ਖੂਹ 'ਚ ਸੁੱਟ ਦਿੱਤਾ। ਇੰਸਪੈਕਟਰ ਜੰਗਜੀਤ ਨੇ ਕਿਹਾ ਕਿ ਉਕਤ ਮਾਮਲੇ 'ਚ ਅ/ਧ 302 ਵੀ ਲਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਨੂੰ ਪੁਲਸ ਨੇ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਤੇ ਅਦਾਲਤ ਨੇ ਉਸ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਸਮੇਂ ਹੱਤਿਆ ਦੇ ਉਸ ਕੋਲੋਂ ਹੋਰ ਵੀ ਸੁਰਾਗ ਮਿਲਣ ਦੀ ਸੰਭਾਵਨਾ ਹੈ, ਜਦਕਿ ਉਸ ਦੀ ਪਤਨੀ ਅਤੇ ਭਰਾ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਐੱਸ. ਐੱਸ. ਏ. ਰਮਸਾ ਅਧਿਆਪਕਾਂ ਵੱਲੋਂ ਰੋਸ ਰੈਲੀ ਦਾ ਐਲਾਨ
NEXT STORY