ਭੁਲੱਥ (ਰਜਿੰਦਰ, ਭੂਪੇਸ਼)-ਸ਼ਨੀਵਾਰ ਨੂੰ ਦਿਨ-ਦਿਹਾੜੇ ਕਰੀਬ ਡੇਢ ਵਜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਥਾਣਾ ਭੁਲੱਥ ਦੇ ਪੇਂਡੂ ਇਲਾਕੇ ਵਿਚ ਗੈਸ ਸਿਲੰਡਰਾਂ ਦੀ ਸਪਲਾਈ ਦੇ ਕੇ ਆ ਰਹੇ ਦੋ ਨੌਜਵਾਨਾਂ ਕੋਲੋਂ ਜਿਥੇ ਪਿਸਤੌਲ ਦੀ ਨੋਕ ’ਤੇ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਉਥੇ ਹੀ ਦੋ ਗੋਲ਼ੀਆਂ ਵੀ ਚਲਾਈਆਂ। ਖੋਹ ਉਪਰੰਤ ਜਦੋਂ ਉਕਤ ਲੁਟੇਰੇ ਨੌਜਵਾਨ ਮੋਟਰਸਾਈਕਲ ਰਾਹੀਂ ਫਰਾਰ ਹੋਣ ਲੱਗੇ ਤਾਂ ਗੈਸ ਸਿਲੰਡਰਾਂ ਦੀ ਸਪਲਾਈ ਵਾਲੇ ਨੌਜਵਾਨਾਂ ਅਤੇ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਲੁਟੇਰਾ ਨੌਜਵਾਨ ਮੋਟਰਸਾਈਕਲ ਸਮੇਤ ਫਰਾਰ ਹੋਣ ਵਿਚ ਕਾਮਯਾਬ ਰਿਹਾ।
ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ
ਇਕੱਤਰ ਜਾਣਕਾਰੀ ਅਨੁਸਾਰ ਨਡਾਲਾ ਦੀ ਸਵਰਨ ਗੈਸ ਏਜੰਸੀ ਦੇ ਵਰਕਰਾਂ ਨਿਰਵੈਲ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਤਲਵਾੜਾ ਤੇ ਕਰਨ ਪੁੱਤਰ ਸ਼ਿਵ ਕੁਮਾਰ ਵਾਸੀ ਮਾਡਲ ਟਾਊਨ, ਭੁਲੱਥ ਅੱਜ ਦੁਪਹਿਰ ਦੇ ਕਰੀਬ ਡੇਢ ਵਜੇ ਪਿੰਡ ਮਕਸੂਦਪੁਰ ਤੋਂ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਦੇ ਕੇ ਪਿੰਡ ਰਾਏਪੁਰ ਪੀਰ ਬਖ਼ਸ਼ਵਾਲਾ ਸੜਕ ’ਤੇ ਛਾਂ ਹੇਠ ਖੜ੍ਹੇ ਸਨ । ਜਿਥੇ ਇਹ ਨੌਜਵਾਨ ਗੱਡੀ ਵਿਚ ਖਾਲੀ ਸਿਲੰਡਰ ਅੱਗੇ ਅਤੇ ਭਰੇ ਸਿਲੰਡਰ ਪਿੱਛੇ ਕਰ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ, ਜਿਨ੍ਹਾਂ ਨੇ ਆਉਂਦੇ ਸਾਰ ਪਿਸਤੌਲ ਦੀ ਨੋਕ ’ਤੇ ਇਨ੍ਹਾਂ ਨੌਜਵਾਨਾਂ ਕੋਲੋਂ ਨਕਦੀ ਖੋਹੀ ਅਤੇ ਦੋ ਫਾਇਰ ਵੀ ਕੀਤੇ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ
ਗੈਸ ਏਜੰਸੀ ਦੇ ਵਰਕਰਾਂ ਨਿਰਵੈਲ ਸਿੰਘ ਤੇ ਕਰਨ ਨੇ ਦੱਸਿਆ ਕਿ ਸਾਡੇ ਕੋਲ ਸਿਲੰਡਰਾਂ ਦੇ 6900 ਰੁਪਏ ਇਨ੍ਹਾਂ ਨੌਜਵਾਨਾਂ ਨੇ ਖੋਹ ਲਏ। ਜਦੋਂ ਇਹ ਨੌਜਵਾਨ ਦੌੜਨ ਲੱਗੇ ਤਾਂ ਅਸੀਂ ਮੌਕੇ ’ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਜਦੋਂ ਐੱਸ. ਐੱਚ. ਓ. ਭੁਲੱਥ ਗੌਰਵ ਧੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਾਰਦਾਤ ਉਪਰੰਤ ਜਦੋਂ ਲੁਟੇਰੇ ਨੌਜਵਾਨ ਫਰਾਰ ਹੋ ਰਹੇ ਸਨ ਤਾਂ ਇਕ ਨੌਜਵਾਨ ਨੂੰ ਗੈਸ ਏਜੰਸੀ ਦੇ ਵਰਕਰਾਂ ਅਤੇ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਕਾਬੂ ਕੀਤਾ, ਜਿਸ ਦੇ ਮੋਟਰਸਾਈਕਲ ਤੋਂ ਡਿੱਗਣ ਕਰਕੇ ਸੱਟ ਲੱਗੀ ਹੈ।
ਮੁਲਜ਼ਮ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਸੱਤਪਾਲ ਵਾਸੀ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਜੋਂ ਹੋਈ। ਜਦੋਂ ਇਹ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਡਿੱਗਾ ਤਾਂ ਇਸ ਦੀ ਡੱਬ ’ਚੋਂ ਇਕ ਦੇਸੀ ਪਿਸਤੌਲ ਵੀ ਸੜਕ 'ਤੇ ਡਿੱਗ ਪਿਆ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਦੇ ਨਾਲ ਦੋ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਫੜੇ ਗਏ ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਸਬ- ਡਵੀਜ਼ਨ ਹਸਪਤਾਲ ਭੁਲੱਥ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿਥੋਂ ਡਾਕਟਰ ਵੱਲੋਂ ਉਸ ਨੂੰ ਕਪੂਰਥਲਾ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਐੱਸ. ਐੱਚ. ਓ. ਭੁਲੱਥ ਨੇ ਦੱਸਿਆ ਕਿ ਇਸ ਵਾਰਦਾਤ ਵਿਚ ਜੋ ਦੂਸਰਾ ਨੌਜਵਾਨ ਫਰਾਰ ਹੋਇਆ ਹੈ, ਦੀ ਪਛਾਣ ਸੁਖਵੀਰ ਉਰਫ ਸੁੱਖ ਪੁੱਤਰ ਅਵਤਾਰ ਸਿੰਘ ਵਾਸੀ ਬੇਗਮਪੁਰ ਜੰਡਿਆਲਾ, ਥਾਣਾ ਬੁਲ੍ਹੋਵਾਲ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਡਲਿਵਰੀਮੈਨ ਨੇ ਲੀਕ ਗੈਸ ਸਿਲੰਡਰ ਰੇਲਵੇ ਲਾਈਨ ਕੋਲ ਛੱਡਿਆ, ਵੱਡਾ ਹਾਦਸਾ ਵਾਪਰਨ ਤੋਂ ਟਲਿਆ
NEXT STORY