ਮਾਨਸਾ (ਸੰਦੀਪ ਮਿੱਤਲ)- ਪੰਜਾਬ ਦੀ ਆਬੋ ਹਵਾ ਅੰਦਰ ਜ਼ਹਿਰੀਲਾ ਧੁੰਆਂ ਫੈਲਣ ਨਾਲ ਵਾਤਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਹਲਾਤ ਜ਼ਿਆਦਾ ਗੰਭੀਰ ਹੋ ਰਹੇ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਖਿਚਾਈ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਬਣੇ ਹਲਾਤਾਂ 'ਤੇ ਕਾਬੂ ਪਾਉਣ ਪ੍ਰਤੀ ਨਕਾਮ ਨਹੀਂ ਬੁਰੀ ਤਰਾਂ ਫੇਲ ਸਾਬਤ ਹੋਇਆ ਹੈ। ਜ਼ਿਲਾ ਪ੍ਰਸ਼ਾਸਨ ਦੀ ਲੱਖਾਂ ਰੋਕਾਂ-ਟੋਕਾਂ ਅਤੇ ਜਾਗਰੂਕਤਾ ਫੈਲਾਉਣ ਤੇ ਇਹ ਵਰਤਾਰਾ ਹੋਰ ਖਤਰਨਾਕ ਮੋੜ ਵੱਲ ਵਧ ਰਿਹਾ ਹੈ ਕਿਉਂਕਿ ਇਹ ਰੁਝਾਨ ਦਿਨ-ਰਾਤ ਚੱਲ ਰਿਹਾ ਹੈ ਅਤੇ ਰੁਕਣ ਦਾ ਨਾਂ ਨਹੀ ਲੈ ਰਿਹਾ ਹੈ। ਮਾਨਸਾ ਜ਼ਿਲੇ ਅੰਦਰ ਦਿਨੋਂ-ਦਿਨ ਹਲਾਤ ਮਾੜੇ ਹੋ ਰਹੇ ਹਨ। ਜ਼ਿਲਾ ਪ੍ਰਸ਼ਾਸਨ ਨੂੰ ਇਸ ਮਾਮਲੇ 'ਚ ਢਿੱਲ-ਮੱਸ ਨਹੀਂ ਦਿਖਾਉਣੀ ਚਾਹੀਦੀ ਸਗੋਂ ਪਹਿਲ ਕਦਮੀ ਦਿੱਖਾ ਕੇ ਹਲਾਤਾਂ ਤੇ ਕਾਬੂ ਪਾਉਣਾ ਚਾਹੀਦਾ ਹੈ।

ਜ਼ਿਲਾ ਪ੍ਰਸ਼ਾਸਨ ਦਾ ਰੁਖ ਨਰਮ
ਜ਼ਿਲਾ ਪ੍ਰਸ਼ਾਸਨ ਇਸ ਮਾਮਲੇ ਪ੍ਰਤੀ ਕੋਈ ਠੋਸ ਕਦਮ ਨਹੀਂ ਉਠਾ ਰਿਹਾ। ਸ਼ਾਇਦ ਜ਼ਿਲਾ ਪ੍ਰਸ਼ਾਸਨ ਕਿਸੇ ਵੱਡੇ ਸੜਕ ਹਾਦਸੇ ਦੀ ਉਡੀਕ 'ਚ ਹੈ। ਹੋਰਨਾਂ ਕੁੱਝ ਜ਼ਿਲਿਆ 'ਚ ਜ਼ਿਆਦਾ ਧੁੰਦ ਅਤੇ ਧੁੰਆਂ ਸਮੁੱਚੀ ਕਾਇਨਾਤ 'ਚ ਫੈਲਣ 'ਤੇ ਜ਼ਿਲਾ ਮੈਜਿਸਟਰੇਟਾਂ ਨੇ ਛੁੱਟੀਆਂ ਕਰਕੇ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ ਪਰ ਇਸ ਮਾਮਲੇ 'ਚ ਜ਼ਿਲਾ ਪ੍ਰਸ਼ਾਸ਼ਨ ਮਾਨਸਾ ਫਾਡੀ ਦਿੱਖ ਰਿਹਾ ਹੈ। ਸਿਰਫ ਸਕੂਲਾਂ ਨੂੰ ਖੋਲਣ ਦਾ ਸਮਾਂ ਸਵੇਰੇ 10 ਵਜੇ ਕੀਤਾ ਗਿਆ ਹੈ ਜਦਕਿ ਧੁੰਦ ਅਤੇ ਧੁੰਆਂ ਫੈਲਣ ਨਾਲ ਅੱਗੇ ਪਿੱਛੇ ਕੁੱਝ ਨਾ ਦਿੱਸਣ ਤੇ ਰਾਤ ਵੇਲੇ ਸੜਕਾਂ ਤੇ ਵਹੀਕਲਾਂ ਚਲਾਉਣ ਤੇ ਪਾਬੰਦੀ ਲਾਉਣ ਅਤੇ ਸਕੂਲਾਂ 'ਚ ਕੁੱਝ ਸਮੇਂ ਤੱਕ ਛੁੱਟੀਆਂ ਕਰਨ ਦੀ ਲੋੜ ਹੈ।

ਵਾਤਾਵਰਣ ਪ੍ਰੇਮੀਆਂ 'ਚ ਗੁੱਸੇ ਦੀ ਲਹਿਰ
ਪੰਜਾਬ ਅੰਦਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਦੇ ਮਨਾਂ 'ਚ ਗੁੱਸੇ ਦੀ ਲਹਿਰ ਹੈ ਕਿਉਂਕਿ ਇਸ ਨਾਲ ਸਿਰਫ ਮਨੁੱਖਤਾ ਦਾ ਹੀ ਨਹੀ ਸਗੋਂ ਜੀਵ-ਜੰਤੂਆਂ, ਪਸ਼ੂ-ਪੰਛੀਆਂ, ਫਲਾਂ ਫੁੱਲਾਂ ਅਤੇ ਆਕਸੀਜਨ ਵੰਡਣ ਵਾਲੇ ਛਾਂਦਾਰ ਰੁੱਖਾਂ ਦਾ ਘਾਣ ਹੋ ਰਿਹਾ ਹੈ। ਇਹ ਵਰਤਾਰਾ ਸਭਨਾਂ ਲਈ ਦੁੱਖਦਾਈ ਸਾਬਤ ਹੋ ਰਿਹਾ ਹੈ। ਇਸ ਲਈ ਸਖਤ ਕਦਮ ਉਠਾਉਣ ਦੀ ਲੋੜ ਹੈ ਨਹੀ ਤਾਂ ਇਸ ਦੇ ਗੰਭੀਰ ਸਿੱਟੇ ਸਾਹਮਣੇ ਆਉਣਗੇ। ਵਾਤਾਵਰਣ ਪ੍ਰੇਮੀ ਦਾ ਕਹਿਣਾ ਹੈ ਕਿ ਜਿਹੜਾ ਆਪਣੇ ਸੁੱਖ ਕੁਦਰਤ ਨਾ ਖਿਲਵਾੜ ਕਰਦਾ ਉਹ ਕੁਦਰਤ ਦੇ ਕਹਿਰ ਤੋਂ ਕਦੀ ਨਹੀਂ ਬਚ ਸਕਦਾ। ਰਸੂਲ ਹਮਜ਼ਾਤੋਵ ਨੇ ਆਪਣੇ ਨਾਵਲ 'ਜੰਗ ਅਤੇ ਅਮਨ' ਦੀ ਸ਼ੁਰੂਆਤ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਬੀਤੇ 'ਤੇ ਪਿਸਤੋਲ ਨਾ ਗੋਲੀਆਂ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ ਫੁਡੇਗਾ।
ਕੀ ਕਹਿਣੈ ਜ਼ਿਲਾ ਮੈਜਿਸਟਰੇਟ ਦਾ
ਇਸ ਸਬੰਧੀ ਜ਼ਿਲਾ ਮੈਜਿਸਟਰੇਟ ਧਰਮਪਾਲ ਗੁਪਤਾ ਦਾ ਕਹਿਣਾ ਹੈ ਕਿ ਧੁੰਦ ਅਤੇ ਧੂੰਏ ਦੇ ਮਿਸ਼ਰਣ ਨੂੰ ਦੇਖਦਿਆਂ ਹੀ ਉਨ੍ਹਾ ਵਲੋਂ 18 ਨਵੰਬਰ ਤੱਕ ਸਮੂਹ ਸਕੂਲ ਸਵੇਰੇ 10 ਵਜੇ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ, ਜਦੋਂ ਕਿ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਬੰਦ ਹੋਣ ਦਾ ਸਮਾਂ ਪਹਿਲਾਂ ਲਾਗੂ ਸ਼ਡਿਊਲ ਅਨੁਸਾਰ ਹੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਵਿਦਿਅਕ ਅਦਾਰਿਆਂ 'ਚ ਛੁੱਟੀਆਂ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਆਪਣੇ ਇਕ ਸੰਦੇਸ਼ ਵਿਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ।
ਸ਼ਹਿਰ ਮਾਨਸਾ ਲਿਪਟਿਆ ਧੂੰਏ ਦੀ ਚਾਦਰ 'ਚ
ਅੱਜ ਮਾਨਸਾ ਸ਼ਹਿਰ 'ਚ ਦਿਨ ਦੇ 3 ਵਜੇ ਹੀ ਹਨੇਰਾ ਛਾ ਗਿਆ। ਸਾਰਾ ਸ਼ਹਿਰ ਧੂੰਏ ਦੀ ਚਾਦਰ 'ਚ ਲਿਪਟ ਗਿਆ ਅਤੇ ਹਰ ਛੋਟੇ ਵੱਡੇ ਦੀਆਂ ਅੱਖਾਂ 'ਚੋਂ ਪਾਣੀ ਵਗਨ ਲੱਗ ਗਿਆ। ਧੂੰਆ ਇੰਨਾ ਸੰਘਣਾ ਸੀ ਕਿ ਕਿਸੇ ਨੂੰ ਵੀ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਪ੍ਰਸਾਸ਼ਨ ਮਾਨਸਾ ਵੀ ਇਸ ਧੂੰਏ ਦੀ ਗ੍ਰਿਫਤ 'ਚੋਂ ਨਹੀਂ ਨਿੱਕਲ ਸਕਿਆ ਪ੍ਰੰਤੂ ਪ੍ਰਸ਼ਾਸਨ ਮਾਨਸਾ ਵੀ ਇਸ ਹੋ ਰਹੇ ਪ੍ਰਦੂਸ਼ਨ ਨੂੰ ਰੋਕਣ 'ਚ ਪੂਰੀ ਤਰ੍ਹਾਂ ਅਸਮਰਥ ਅਤੇ ਫੇਲ ਦਿਖਾਈ ਦਿੱਤਾ ਕਿਉਂਕਿ ਦਿਨ ਦੇ 3 ਵਜੇ ਹੀ ਗੰਦੇ ਅਤੇ ਜਹਿਰੀਲੇ ਧੂੰਏ ਨੇ ਸਭ ਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਕੁਝ ਹੀ ਪਲਾਂ 'ਚ ਸਭ ਨੂੰ ਇੱਧਰ-ਉੱਧਰ ਭੱਜਣ ਲਈ ਮਜਬੂਰ ਕਰ ਦਿੱਤਾ ਤਾਂ ਜੋ ਇਸ ਜਹਿਰੀਲੇ ਧੂੰਏ ਤੋਂ ਬਚਿਆ ਜਾ ਸਕੇ ਅਤੇ ਆਪਣੇ ਆਪ ਨੂੰ ਕਿਸੇ ਸੁਰੱਖਿਅਤ ਜਗ੍ਹਾ ਉਪਰ ਛੁਪਾ ਸਕਣ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਪ੍ਰਦੂਸ਼ਨ ਫੈਲਾਉਣ ਵਾਲਿਆਂ ਉਪਰ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਲੋਕ ਭਿਆਨਕ ਬੀਮਾਰੀਆਂ ਤੋਂ ਬਚਿਆ ਜਾ ਸਕੇ।
ਗੰਨੇ ਦੇ ਖੇਤ 'ਚੋਂ ਮਿਲੀ 7 ਸਾਲਾ ਬੱਚੀ ਦੀ ਲਾਸ਼, ਪਰਿਵਾਰ ਤੇ ਪੁਲਸ 'ਚ ਮਚਿਆ ਹੜਕੰਪ (ਤਸਵੀਰਾਂ)
NEXT STORY