ਜਲੰਧਰ (ਮਹੇਸ਼)– 6 ਮਹੀਨਿਆਂ ਤੋਂ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਖਫਾ ਗਾਇਕ, ਗੀਤਕਾਰ ਤੇ ਸੰਗੀਤਕਾਰ ਵਿਜੇ ਕੁਮਾਰ ਝੱਮਟ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ. ਜੀ. ਪੀ. ਗੌਰਵ ਯਾਦਵ ਕੋਲੋਂ ਮੰਗ ਕੀਤੀ ਹੈ ਕਿ ਪੁਲਸ ਨੂੰ ਸ਼ਿਕਾਇਤ ਦਿੱਤੀ ਨੂੰ ਇੰਨਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤਕ ਮੁਲਜ਼ਮ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ, ਲੱਗਦਾ ਹੈ ਕਿ ਜਲੰਧਰ ਪੁਲਸ ਧਮਕੀਆਂ ਦੇਣ ਤੇ ਫਿਰੌਤੀ ਮੰਗਣ ਵਾਲਿਆਂ ਅੱਗੇ ਬੇਵੱਸ ਹੈ, ਇਸ ਲਈ ਤੁਸੀਂ ਮੈਨੂੰ ਬਚਾ ਲਓ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੀੜਤ ਵਿਜੇ ਕੁਮਾਰ ਝੱਮਟ ਨੇ ਦੱਸਿਆ ਕਿ ਉਸ ਨੂੰ ਪਿਛਲੇ ਲਗਭਗ 6 ਮਹੀਨਿਆਂ ਤੋਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਥੇ ਮੁਲਜ਼ਮ ਵਲੋਂ ਲਗਾਤਾਰ ਫੋਨ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਹ ਤੇ ਉਸ ਦਾ ਪਰਿਵਾਰ ਬਹੁਤ ਬੁਰੇ ਹਾਲਾਤ ’ਚੋਂ ਗੁਜ਼ਰ ਰਿਹਾ ਹੈ।
ਵਿਜੇ ਕੁਮਾਰ ਝੱਮਟ ਨੇ ਦੱਸਿਆ ਕਿ ਮੁਲਜ਼ਮ ਨੇ ਹੱਦ ਤਾਂ ਉਦੋਂ ਕਰ ਦਿੱਤੀ, ਜਦੋਂ ਉਸ ਦੀ ਪਤਨੀ ਦੇ ਮੋਬਾਇਲ ਨੰਬਰ ’ਤੇ ਵੀ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਤੇ ਮੁਲਜ਼ਮ ਹੁਣ ਉਸ ਦੀ ਪਤਨੀ ਨੂੰ ਵੀ ਫਿਰੌਤੀ ਦੇ ਮਾਮਲੇ ’ਚ ਤੰਗ-ਪ੍ਰੇਸ਼ਾਨ ਕਰ ਰਿਹਾ ਹੈ।
ਵਿਜੇ ਕੁਮਾਰ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਖ਼ਿਲਾਫ਼ ਪੁਲਸ ਕਮਿਸ਼ਨਰ ਜਲੰਧਰ ਨੂੰ 7 ਜੁਲਾਈ, 2023 ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ। ਕਮਿਸ਼ਨਰ ਨੇ ਥਾਣਾ ਸੂਰਿਆ ਇਨਕਲੇਵ ਨੂੰ ਸ਼ਿਕਾਇਤ ਮਾਰਕ ਕਰ ਦਿੱਤੀ ਤੇ ਪੀੜਤ ਨੂੰ ਇਨਸਾਫ਼ ਦੇਣ ਦਾ ਭਰੋਸਾ ਵੀ ਦਿੱਤਾ। ਹੁਣ ਸ਼ਿਕਾਇਤ ਦਿੱਤੀ ਨੂੰ ਲਗਭਗ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਤੇ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੁਲਜ਼ਮ ਵਲੋਂ ਜਿਹੜੇ ਮੋਬਾਇਲ ਨੰਬਰਾਂ ਤੋਂ ਵਾਰ-ਵਾਰ ਫੋਨ ਆ ਰਹੇ ਹਨ, ਉਸ ਦੀ ਲਿਸਟ ਉਸ ਨੇ ਪੁਲਸ ਨੂੰ ਵੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ
ਪੀੜਤ ਨੇ ਕਿਹਾ ਕਿ ਜੇਕਰ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਦਾ ਜਲੰਧਰ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਫਿਰੌਤੀ ਮੰਗਣ ਵਾਲਾ ਕਾਲਰ 500 ਤੋਂ ਜ਼ਿਆਦਾ ਫੋਨ ਨੰਬਰਾਂ ਦੀ ਕਰ ਚੁੱਕਾ ਵਰਤੋਂ
ਪੀੜਤ ਐੱਮ. ਐੱਸ. ਰਿਕਾਰਡ ਦੇ ਮਾਲਕ ਵਿਜੇ ਕੁਮਾਰ ਝੱਮਟ ਨੇ ਦੱਸਿਆ ਕਿ ਪੁਲਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਕਾਲ ਕਰਨ ਵਾਲੇ ਮੁਲਜ਼ਮ ਹੁਣ ਤੱਕ ਉਸ ਨੂੰ ਤੇ ਉਸ ਦੀ ਪਤਨੀ ਨੂੰ 500 ਤੋਂ ਜ਼ਿਆਦਾ ਵੱਖ-ਵੱਖ ਫੋਨ ਨੰਬਰਾਂ ਤੋਂ ਫੋਨ ਕਰ ਚੁੱਕਾ ਹੈ ਤੇ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੀੜਤ ਨੇ ਕਿਹਾ ਕਿ ਜਦੋਂ ਉਹ ਦੁਬਾਰਾ ਮੁੜ ਉਕਤ ਨੰਬਰਾਂ ’ਤੇ ਕਾਲ ਕਰਦਾ ਹੈ ਤਾਂ ਉਹ ਨੰਬਰ ਬਿਜ਼ੀ ਆ ਰਹੇ ਹੁੰਦੇ ਹਨ ਜਾਂ ਫਿਰ ਬੰਦ।
ਪੀੜਤ ਨੇ ਕਿਹਾ ਕਿ ਮੁਲਜ਼ਮ ਵਲੋਂ ਵਾਰ-ਵਾਰ ਵੱਖ-ਵੱਖ ਨੰਬਰਾਂ ਤੋਂ ਫੋਨ ਕਰਕੇ ਉਸ ਨੂੰ ਲਗਾਤਾਰ ਪ੍ਰੇਸ਼ਾਨ ਕੀਤੇ ਜਾਣ ਕਰਕੇ ਉਸ ਦਾ ਪਰਿਵਾਰ ਡਰ ਦੇ ਸਾਏ ’ਚੋਂ ਲੰਘ ਰਿਹਾ ਹੈ।
ਵੱਡਾ ਸਵਾਲ : ਆਖਿਰ ਮੁਲਜ਼ਮ ਕਿਹੜੇ ਸਾਫਟਵੇਅਰ ਦੀ ਕਰ ਰਿਹਾ ਵਰਤੋਂ? ਜਿਸ ਦੇ ਅੱਗੇ ਪੁਲਸ ਵੀ ਹੋਈ ਨਾਕਾਮ
ਹੁਣ ਇਥੇ ਵੱਡਾ ਸਵਾਲ ਇਹ ਵੀ ਹੈ ਕਿ ਆਖਿਰ ਮੁਲਜ਼ਮ ਕਿਹੜੇ ਸਾਫਟਵੇਅਰ ਦੀ ਵਰਤੋਂ ਕਰ ਰਿਹਾ ਹੈ। ਮੁਲਜ਼ਮ ਉਕਤ ਸਾਫਟਵੇਅਰ ਰਾਹੀਂ ਹਰ ਵਾਰ ਵੱਖ-ਵੱਖ ਨੰਬਰਾਂ ਤੋਂ ਕਾਲਾਂ ਲਗਾ ਰਿਹਾ ਹੈ ਤੇ ਧਮਕੀਆਂ ਦੇ ਰਿਹਾ ਹੈ। ਮੁਲਜ਼ਮ ਵਲੋਂ ਵਰਤੇ ਜਾ ਰਹੇ ਸਾਫਟਵੇਅਰ ਬਾਰੇ ਪਤਾ ਲਗਾਉਣ ਲਈ ਪੁਲਸ ਨਾਕਾਮ ਸਾਬਿਤ ਹੋ ਰਹੀ ਹੈ। ਪੁਲਸ ਨੂੰ ਉਕਤ ਸਾਫਟਵੇਅਰ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਰਹੀ। ਉਥੇ ਮੁਲਜ਼ਮ ਬੇ-ਝਿਜਕ ਤੇ ਬੇਖੌਫ ਪੀੜਤ ਨੂੰ ਕਾਲਾਂ ਕਰਕੇ ਧਮਕੀਆਂ ਦੇ ਰਿਹਾ ਹੈ।
6 ਮਹੀਨੇ ਬੀਤੇ ਪਰ ਮੁਲਜ਼ਮ ਦਾ ਪਤਾ ਨਹੀਂ ਲਗਾ ਸਕੀ ਪੁਲਸ
ਹੁਣ ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੀੜਤ ਵਲੋਂ ਪੁਲਸ ਕਮਿਸ਼ਨਰ ਜਲੰਧਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਜੋ ਸਬੰਧਤ ਥਾਣਾ ਨੂੰ ਮਾਰਕ ਕੀਤੀ ਗਈ। ਇਸ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਪੁਲਸ ਵਲੋਂ ਕਮਿਸ਼ਨਰ ਪੁਲਸ ਵਲੋਂ ਮਾਰਕ ਕੀਤੀ ਸ਼ਿਕਾਇਤ ਨੂੰ ਹਲਕੇ ’ਚ ਲਿਆ ਜਾ ਰਿਹਾ ਹੈ। ਪੁਲਸ ਵਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੁਲਸ 6 ਮਹੀਨੇ ਬੀਤਣ ’ਤੇ ਮੁਲਜ਼ਮ ਦਾ ਪਤਾ ਨਹੀਂ ਲਗਾ ਸਕੀ ਹੈ।
ਪਰਿਵਾਰਕ ਮੈਂਬਰ ਬੋਲੇ : ਜੇਕਰ ਕਿਸੇ ਸਿਆਸੀ ਲੀਡਰ ਜਾਂ ਪੁਲਸ ਅਧਿਕਾਰੀ ਨੂੰ ਅਜਿਹੇ ਫੋਨ ਆਉਂਦੇ ਤਾਂ ਪੁਲਸ ਦੀ ਕਾਰਵਾਈ ਅਜਿਹੀ ਹੁੰਦੀ?
ਪੀੜ੍ਹਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਅਣਪਛਾਤੇ ਕਾਲਰ ਵਲੋਂ ਧਮਕੀਆਂ ਦਿੰਦੇ ਨੂੰ ਪੂਰੇ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਪੈਸੇ ਮੰਗਣ ਤੇ ਧਮਕੀਆਂ ਵਾਲੀਆਂ ਕਾਲਾਂ ਕਿਸੇ ਸਿਆਸੀ ਲੀਡਰ ਜਾਂ ਕਿਸੇ ਸੀਨੀਅਰ ਪੁਲਸ ਅਧਿਕਾਰੀ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਆਈਆਂ ਹੁੰਦੀਆਂ ਤਾਂ ਪੁਲਸ ਅਜਿਹੀ ਕਾਰਵਾਈ ਕਰਦੀ?
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਿਆਸੀ ਲੀਡਰ ਜਾਂ ਪੁਲਸ ਦੇ ਉੱਚ ਅਧਿਕਾਰੀ ਦੇ ਪਰਿਵਾਰ ਨੂੰ ਅਜਿਹੀਆਂ ਕਾਲਾਂ ਆਉਂਦੀਆਂ ਵੀ ਹਨ ਤਾਂ ਉਨ੍ਹਾਂ ਦੀ ਕਾਰਵਾਈ ’ਚ ਸਾਰਾ ਪੁਲਸ ਮਹਿਕਮਾ ਲਗਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦਾ ਇਲਾਕਾ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਥਾਣਿਆਂ ’ਚ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮ ਦਾ ਪਤਾ ਲਗਾ ਕੇ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ
NEXT STORY