ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਹਲਕਾ ਸਾਹਨੇਵਾਲ ਦੇ ਪਿੰਡ ਸਤਿਆਣਾ ਵਿਖੇ 35 ਏਕਡ਼ ਤੋਂ ਵੱਧ ਜ਼ਮੀਨ ਵਿਚ ਬਰਸਾਤ ਦੇ ਖਡ਼੍ਹੇ ਪਾਣੀ ਕਾਰਨ ਕਈ ਦਿਨਾਂ ਤੋ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਵਿਚਕਾਰ ਕਸ਼ਮਕਸ਼ ਚੱਲ ਰਹੀ ਹੈ।
ਇਸ ਪਾਣੀ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮਿਲੇ ਹੁਕਮਾਂ ਰਾਹੀਂ ਭਾਰੀ ਗਿਣਤੀ ਵਿਚ ਪੁਲਸ ਫੋਰਸ ਤੇ ਮਹਿਲਾ ਪੁਲਸ ਨਾਲ ਪੁੱਜੇ ਲੋਕ ਨਿਰਮਾਣ ਵਿਭਾਗ ਦੇ ਜੇ. ਈ. ਅਨਿਲ ਕੁਮਾਰ ਮਿਨਹਾਸ ਤੇ ਮਨਮੋਹਣ ਕੁਮਾਰ ਨਾਇਬ ਤਹਿਸੀਲਦਾਰ ਕੂੰਮਕਲਾਂ ਨੇ ਪੁਲਸ ਦੀ ਮਦਦ ਨਾਲ ਸੜਕ ’ਤੇ ਬੈਰੀਕੇਡ ਲਾ ਕੇ ਸਡ਼ਕ ਪੁੱਟਣ ਉਪਰੰਤ ਪਾਈਪਾਂ ਰਾਹੀਂ ਬਰਸਾਤੀ ਪਾਣੀ ਨੂੰ ਦੂਸਰੇ ਖੇਤਾਂ ਵਿਚ ਕੱਢ ਦਿੱਤਾ।
ਸਬੰਧਤ ਵਿਭਾਗ ਨੇ ਜਦੋਂ ਜੇ. ਸੀ. ਬੀ. ਮਸ਼ੀਨ ਰਾਹੀਂ ਸਡ਼ਕ ਪੁੱਟ ਕੇ ਦੋ ਪਾਈਪਾਂ ਤੋਂ ਬਾਅਦ ਤੀਸਰੇ ਪਾਈਪ ਨੂੰ ਪਾਉਣ ਲਈ ਸਡ਼ਕ ਪੁੱਟਣੀ ਚਾਹੀ ਤਾਂ ਪਿੰਡ ਵਾਸੀਅਾਂ ਨੇ ਸਰਪੰਚ ਨੂੰ ਨਾਲ ਲੈ ਕੇ ਇਸ ਦਾ ਵਿਰੋਧ ਕੀਤਾ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਪੁਲਸ ਪ੍ਰਸ਼ਾਸਨ ਤੇ ਲੋਕਾਂ ਵਿਚ ਹੁੰਦੀ ਬਹਿਸਬਾਜ਼ੀ ਤੋਂ ਬਾਅਦ ਦੋ ਨੌਜਵਾਨ ਕਿਸਾਨਾਂ ਨੇ ਸਡ਼ਕ ਕੰਢੇ ਦਰੱਖਤ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ ਕੀਤੀ ਤਾਂ ਪੁਲਸ ਨੇ ਸਿਅਾਣਪ ਤੋਂ ਕੰਮ ਲੈਂਦਿਆਂ ਸਡ਼ਕ ਦੀ ਪੁਟਾਈ ਵਿਚਕਾਰ ਹੀ ਰੋਕ ਦਿੱਤੀ ਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ।
®ਇਸ ਮੌਕੇ ਸਰਪੰਚ ਅਸ਼ੋਕ ਕੁਮਾਰ ਸਤਿਆਣਾ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਰੋਕਣ ਵਾਸਤੇ ਉਨ੍ਹਾਂ ਨੇ ਪਹਿਲਾਂ ਹੀ ਮਾਣਯੋਗ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ, ਜਿਸ ’ਤੇ ਅਦਾਲਤ ਨੇ ਦੋਵੇ ਧਿਰਾਂ ਦੇ ਪੱਖ ਜਾਣਨ ਵਾਸਤੇ 30 ਜੁਲਾਈ ਦੀ ਤਰੀਕ ਦਿੱਤੀ ਹੋਈ ਹੈ ਪਰ ਸਡ਼ਕੀ ਵਿਭਾਗ ਨੇ ਪੁਲਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਅੱਜ ਧੱਕੇ ਨਾਲ ਅਦਾਲਤ ਦੇ ਹੁਕਮਾਂ ਦੀ ਅਦੂਲੀ ਕਰਦਿਆਂ ਸਡ਼ਕ ਨੂੰ ਪੁੱਟ ਕੇ ਪਾਣੀ ਦੂਸਰੇ ਪਾਸੇ ਗਰੀਬ ਕਿਸਾਨ ਦੀ ਫਸਲ ਵਿਚ ਪਾ ਦਿੱਤਾ। ਅਸੀਂ ਪੰਚਾਇਤ ਰਾਹੀਂ ਪਹਿਲਾਂ ਹੀ ਇਸ ਪਾਣੀ ਨੂੰ ਕੋਲੋਂ ਲੰਘਦੇ ਕੁਝ ਦੂਰੀ ’ਤੇ ਬਰਸਾਤੀ ਨਾਲੇ ਵਿਚ ਕੱਢਣ ਦੀ ਤਜਵੀਜ਼ ਦਿੱਤੀ ਸੀ, ਜਿਸ ਨਾਲ ਇਹ ਮਸਲਾ ਵੀ ਹੱਲ ਹੁੰਦਾ ਸੀ ਤੇ ਕੋਈ ਟਕਰਾਅ ਵੀ ਨਹੀਂ ਹੁੰਦਾ ਸੀ।
ਲੋਕ ਨਿਰਮਾਣ ਵਿਭਾਗ ਦੇ ਜੇ. ਈ. ਅਨਿਲ ਕੁਮਾਰ ਮਿਨਹਾਸ ਤੋਂ ਇਸ ਜ਼ਮੀਨ ਦੇ ਬਰਸਾਤੀ ਪਾਣੀ ਸਬੰਧੀ ਮਾਣਯੋਗ ਅਦਾਲਤ ’ਚ ਚੱਲਦੇ ਕੇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਉਨ੍ਹਾਂ ਨੂੰ ਤਾਂ ਉੱਚ ਅਧਿਕਾਰੀਆਂ ਦੇ ਹੁਕਮ ਹਨ, ਜਿਨ੍ਹਾਂ ਦੀ ਉਹ ਪਾਲਣਾ ਕਰ ਰਹੇ ਹਨ।
ਪਾਰਸ ਇਨਕਲੇਵ ’ਚ ਸਡ਼ਕ ਧਸੀ, ਪਲਾਟ ਹੇਠੋਂ ਨਿਕਲਿਆ ਖੂਹ
NEXT STORY