ਫਤਿਹਗੜ੍ਹ ਸਾਹਿਬ, (ਜੱਜੀ)- ਅੱਜ ਥਾਣਾ ਫਤਿਹਗੜ੍ਹ ਸਾਹਿਬ ਪੁਲਸ ਨੇ ਇਕ ਵਿਅਕਤੀ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਚਨਾਰਥਲ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸੀਨੀਅਰ ਅਕਾਲੀ ਨੇਤਾ ਮੱਖਣ ਸਿੰਘ ਲਾਲਕਾ ਅਤੇ ਜ਼ਿਲਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਮਨਪ੍ਰੀਤ ਕੌਰ ਹੁੰਦਲ ਇਸ ਜ਼ਿਲੇ ਦੇ ਇਕ ਪਿੰਡ ਦੀ ਵਿਧਵਾ ਔਰਤ ਨੂੰ ਨਾਲ ਲੈ ਕੇ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੂੰ ਮਿਲੇ ਅਤੇ ਮੰਗ- ਪੱਤਰ ਦਿੱਤਾ। ਮੰਗ-ਪੱਤਰ ਵਿਚ ਵਿਧਵਾ ਨੇ ਦੋਸ਼ ਲਾਏ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦੀ ਹੈ, ਉਸ ਨੂੰ ਛਿੰਦਾ ਰਾਮ ਨਾਮਕ ਵਿਅਕਤੀ ਮਿਲਿਆ ਜਿਸ ਨੇ ਕਿਹਾ ਕਿ ਉਹ ਉਸ ਨੂੰ ਨੌਕਰੀ 'ਤੇ ਲਵਾ ਦੇਵੇਗਾ। ਉਸ ਨੇ ਦੋਸ਼ ਲਾਇਆ ਕਿ ਉਹ ਉਸ ਦੇ ਝਾਂਸੇ ਵਿਚ ਆ ਗਈ ਅਤੇ ਉਕਤ ਵਿਅਕਤੀ ਨੇ ਉਸ ਨੂੰ ਕੋਲਡ ਡ੍ਰਿੰਕ ਵਿਚ ਕੋਈ ਨਸ਼ੇ ਵਾਲੀ ਚੀਜ਼ ਪਿਲਾ ਕੇ ਉਸ ਨਾਲ ਕਥਿਤ ਤੌਰ 'ਤੇ ਜ਼ਬਰਦਸਤੀ ਕੀਤੀ ਅਤ ਉਸਦੀ ਵੀਡੀਓ ਬਣਾ ਲਈ, ਜੋ ਉਕਤ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਪਾ ਕੇ ਉਸਨੂੰ ਬਦਨਾਮ ਵੀ ਕੀਤਾ। ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਹ ਕਿਸੇ ਨਾਲ ਗੱਲ ਕਰੇਗੀ ਤਾਂ ਉਸ ਦੇ ਭਰਾਵਾਂ ਨੂੰ ਮਰਵਾ ਦੇਵੇਗਾ।
ਇਸ ਸਬੰਧੀ ਕੇਸ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਸੰਦੀਪ ਕੌਰ ਅਤੇ ਪੁਲਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਨਰਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਕਤ ਔਰਤ ਦੇ ਬਿਆਨਾਂ 'ਤੇ ਛਿੰਦਾ ਰਾਮ ਖਿਲਾਫ ਆਈ. ਪੀ. ਸੀ. ਦੀ ਧਾਰਾ 376, 506 ਅਤੇ ਆਈ. ਟੀ ਐਕਟ ਦੀ ਧਾਰਾ 67 ਦੇ ਤਹਿਤ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਬਰਸਾਤ ਦਾ ਮੌਸਮ ਸਿਰ ’ਤੇ, ਪ੍ਰਸ਼ਾਸਨ ਨੇ ਨਹੀਂ ਕਰਵਾਈ ਗੰਦੇ ਨਾਲੇ ਦੀ ਸਫਾਈ
NEXT STORY