ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ’ਚ ਸਜਾਵਟ ਅਤੇ ਡੀ. ਜੇ. ਦੇ ਕੰਮ ’ਚ ਲੱਗੇ ਨੌਜਵਾਨਾਂ ਨੇ ਇਕ ਘਰ ਤੋਂ ਸ਼ਗਨ ਵਜੋਂ ਇਕੱਠੇ ਕੀਤੇ ਲੱਖਾਂ ਰੁਪਏ ਚੋਰੀ ਕਰ ਲਏ। ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ੍ਹ ਲਿਆ ਤਾਂ ਇਕ ਨੌਜਵਾਨ ਪੈਸੇ ਲੈ ਕੇ ਭੱਜ ਗਿਆ। ਪਰਿਵਾਰ ਨੇ ਦੋ ਨੌਜਵਾਨਾਂ ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪਰਿਵਾਰ ਨੇ ਅੱਜ ਸਿਟੀ ਥਾਣਾ ਨੰਬਰ-1 ਦੇ ਸਟੇਸ਼ਨ ਇੰਚਾਰਜ ਨਾਲ ਮੁਲਾਕਾਤ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ। ਸਟੇਸ਼ਨ ਇੰਚਾਰਜ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਨੌਜਵਾਨ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁਲਦੀਪ ਸਿੰਘ ਪੁੱਤਰ ਲੱਖਾ ਸਿੰਘ ਨੇ ਦੱਸਿਆ ਕਿ ਉਸ ਦੇ ਘਰ ’ਚ ਉਸ ਦੀ ਧੀ ਦੇ ਵਿਆਹ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ। ਇਸ ਲਈ ਉਸ ਨੇ ਸਜਾਵਟ ਅਤੇ ਡੀਜੇ ਦੇ ਪ੍ਰੋਗਰਾਮ ਲਈ ਇਕ ਡੀ. ਜੇ. ਬੁੱਕ ਕੀਤਾ ਸੀ।
ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 7 ਵਜੇ ਜਦੋਂ ਉਹ ਘਰ ਸੀ ਤਾਂ ਇਹ ਨੌਜਵਾਨ ਸਮਾਨ ਉਤਾਰਨ ਦੇ ਬਹਾਨੇ ਉਸ ਦੇ ਘਰ ਆਏ ਅਤੇ ਸ਼ਗਨ ਵਜੋਂ ਇਕੱਠੇ ਕੀਤੇ ਲਗਭਗ 3 ਲੱਖ ਰੁਪਏ ਚੋਰੀ ਕਰ ਲਏ। ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਮੌਕੇ ’ਤੇ ਹੀ ਫੜ੍ਹ ਲਿਆ, ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਪੈਸੇ ਲੈ ਕੇ ਭੱਜ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਗ੍ਰਿਫ਼ਤਾਰ ਨੌਜਵਾਨਾਂ ਨੇ ਬਾਹਰੋਂ ਉਨ੍ਹਾਂ ਦੇ ਕੁੱਝ ਦੋਸਤਾਂ ਨੂੰ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ’ਤੇ ਉਨ੍ਹਾਂ ਨੇ ਦੋਹਾਂ ਨੌਜਵਾਨਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਉਕਤ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਨੰਬਰ -1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਪੁਲਸ ਮੁਲਾਜ਼ਮਾਂ ਨੂੰ ਡਿਊਟੀ ’ਤੇ ਲਗਾ ਦਿੱਤਾ ਹੈ, ਜੋ ਇਨ੍ਹਾਂ ਦੋਵਾਂ ਨੌਜਵਾਨਾਂ ਰਾਹੀਂ ਉਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਕਰ ਰਹੇ ਹਨ। ਜਲਦੀ ਹੀ ਤਿੰਨਾਂ ਨੂੰ ਫੜ੍ਹ ਲਿਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਵੱਖ-ਵੱਖ ਹਾਦਸਿਆਂ 'ਚ 4 ਵਿਅਕਤੀ ਜ਼ਖਮੀ
NEXT STORY