ਲੁਧਿਆਣਾ (ਅਨਿਲ): ਥਾਣਾ ਡਵੀਜ਼ਨ ਨੰਬਰ-1 ਦੀ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਜਵੈਲਰੀ ਦੀ ਦੁਕਾਨ ਤੋਂ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਕੋਲੋਂ ਚੋਰੀ ਦਾ ਸੋਨਾ ਵੀ ਬਰਾਮਦ ਕਰ ਲਿਆ ਹੈ। ਪੁਲਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਆਤਮ ਪ੍ਰਕਾਸ਼ ਭਸੀਨ ਵਾਸੀ ਨੇਤਾ ਜੀ ਨਗਰ, ਲੁਧਿਆਣਾ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰਬਰ-1 ਵਿਖੇ ਮੁਕੱਦਮਾ ਨੰਬਰ 90, ਅਧੀਨ ਧਾਰਾ 305 ਬੀ.ਐੱਨ.ਐੱਸ. ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ ਇਕ ਅਣਪਛਾਤਾ ਵਿਅਕਤੀ ਗਾਹਕ ਬਣ ਕੇ ਜਵੈਲਰੀ ਦੀ ਦੁਕਾਨ 'ਤੇ ਆਇਆ ਅਤੇ ਸੋਨੇ ਦਾ ਸੈੱਟ ਦੇਖਣ ਦੇ ਬਹਾਨੇ ਸੋਨੇ ਦਾ ਹਾਰ, ਝੁਮਕਿਆਂ ਦੀ ਇਕ ਜੋੜੀ ਅਤੇ ਇਕ ਸੋਨੇ ਦਾ ਕਾਂਟਾ ਚੋਰੀ ਕਰਕੇ ਫਰਾਰ ਹੋ ਗਿਆ।
ਇੰਸਪੈਕਟਰ ਪਰਮਵੀਰ ਸਿੰਘ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ-1 ਦੀ ਨਿਗਰਾਨੀ ਹੇਠ ਪੁਲਸ ਵੱਲੋਂ ਟੈਕਨੀਕਲ ਜਾਂਚ, ਸੀ.ਸੀ.ਟੀ.ਵੀ. ਫੁਟੇਜ ਅਤੇ ਖੁਫੀਆ ਸੂਚਨਾ ਦੀ ਮਦਦ ਨਾਲ ਸਿਰਫ਼ ਇਕ ਫੋਟੋ ਦੇ ਆਧਾਰ 'ਤੇ ਦੋਸ਼ੀ ਦੀ ਸ਼ਨਾਖਤ ਕਰਕੇ ਮੁਹੰਮਦ ਅਫਸਰ ਪੁੱਤਰ ਮੁਹੰਮਦ ਇਕਬਾਲ ਵਾਸੀ ਪਿੰਡ ਬੂੰਟਾਂ, ਸ਼ਾਮਲੀ (ਮੁਜ਼ੱਫਰਨਗਰ), ਉੱਤਰ ਪ੍ਰਦੇਸ਼ ਨੂੰ ਨਾਮਜ਼ਦ ਕੀਤਾ ਗਿਆ।
ਬਾਅਦ ਵਿਚ ਵੱਖ-ਵੱਖ ਪੁਲਸ ਟੀਮਾਂ ਨੇ ਟੈਕਨੀਕਲ ਅਤੇ ਖੁਫੀਆ ਸੂਚਨਾ ਦੇ ਆਧਾਰ 'ਤੇ ਦੋਸ਼ੀ ਨੂੰ 25.06.2026 ਨੂੰ ਸਲਮਾਨ ਰੈਜ਼ੀਡੈਂਸ, ਮੁਹੱਬਤ ਸਕੂਲ ਨੇੜੇ, ਹਜ਼ਰਤ ਨਿਜ਼ਾਮੁਦੀਨ ਵੈਸਟ, ਨਵੀਂ ਦਿੱਲੀ ਤੋਂ ਕਾਬੂ ਕੀਤਾ। ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸ ਨੇ ਚੋਰੀ ਕੀਤਾ ਸੋਨਾ ਮੇਰਠ (ਉੱਤਰ ਪ੍ਰਦੇਸ਼) ਵਿਚ ਵੇਚ ਦਿੱਤਾ ਸੀ। ਅਦਾਲਤ ਤੋਂ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਪੁਲਿਸ ਟੀਮ ਵੱਲੋਂ ਮੇਰਠ ਵਿਖੇ ਛਾਪੇਮਾਰੀ ਕੀਤੀ ਗਈ, ਜਿੱਥੋਂ 27.06.2026 ਨੂੰ 27.97 ਗ੍ਰਾਮ ਚੋਰੀ ਕੀਤਾ ਸੋਨਾ ਬਰਾਮਦ ਕਰ ਲਿਆ ਗਿਆ।ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਵੱਲੋਂ ਹੋਰ ਥਾਵਾਂ 'ਤੇ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ। ਇਸ ਸਬੰਧੀ ਹੋਰ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ
NEXT STORY