ਡੇਰਾਬੱਸੀ (ਅਨਿਲ ਸ਼ਰਮਾ): ਮੁਬਾਰਿਕਪੁਰ ਦੇ ਪੰਡਵਾਲਾ ਰੋਡ ਸਥਿਤ ਰਾਧਾ ਕ੍ਰਿਸ਼ਨ ਮੰਦਰ 'ਚ ਲੰਘੀ 27-28 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਹੋਈ ਵੱਡੀ ਚੋਰੀ ਦੇ ਮਾਮਲੇ 'ਚ ਥਾਣਾ ਡੇਰਾਬੱਸੀ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਮੰਦਰ 'ਚੋਂ ਚੋਰੀ ਕੀਤਾ ਹੋਇਆ ਭਾਰੀ ਮਾਤਰਾ 'ਚ ਚਾਂਦੀ ਅਤੇ ਪਿੱਤਲ ਦਾ ਸਾਮਾਨ, ਮੂਰਤੀਆਂ ਆਦਿ ਬਰਾਮਦ ਕਰ ਲਈਆਂ ਹਨ।
ਜਾਣਕਾਰੀ ਦਿੰਦੇ ਡੀਐੱਸਪੀ ਹੈਡਕੁਆਰਟਰ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ 27-28 ਅਕਤੂਬਰ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਮੰਦਰ ਦੇ ਅੰਦਰ ਦਾਖ਼ਲ ਹੋ ਕੇ ਭਗਵਾਨ ਕ੍ਰਿਸ਼ਨ ਜੀ ਦਾ ਚਾਂਦੀ ਦਾ ਮੁਕੁਟ, ਬਾਂਸੁਰੀ, ਚਾਂਦੀ ਦੀਆਂ ਗਊ ਮਾਤਾ ਦੀਆਂ ਮੂਰਤੀਆਂ, ਲੱਡੂ ਗੋਪਾਲ ਜੀ ਦੇ ਸਵਰੂਪ, ਆਰਤੀ ਘੰਟੀ, ਚਾਂਦੀ ਦੇ ਗਿਲਾਸ, ਪੂਜਾ ਦੇ ਬਰਤਨ, ਗੋਲਕ, ਵੱਡੇ ਘੰਟੇ ਅਤੇ ਪਿੱਤਲ ਵਾ ਚਾਂਦੀ ਦੀਆਂ ਗਣੇਸ਼ ਜੀ, ਰਾਮ ਦਰਬਾਰ, ਕੁਬੇਰ ਜੀ ਤੇ ਗਰੂੜ ਜੀ ਦੀਆਂ ਮੂਰਤੀਆਂ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ ਸੀ। ਇਸ ਸਬੰਧੀ ਮੰਦਰ ਦੇ ਪੁਜਾਰੀ ਬਲਰਾਮ ਸ਼ਰਮਾ ਦੇ ਬਿਆਨਾਂ 'ਤੇ ਥਾਣਾ ਡੇਰਾਬੱਸੀ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 298, 299, 331 (4), 325(ਡੀ) ਬੀਐੱਨਐੱਸ ਤਹਿਤ ਦਰਜ ਕਰ ਲਿਆ ਸੀ। ਤਫ਼ਤੀਸ਼ ਦੌਰਾਨ 1 ਨਵੰਬਰ ਨੂੰ ਖ਼ੁਫ਼ੀਆ ਇਤਲਾਹ ਦੇ ਆਧਾਰ 'ਤੇ ਮਨੀਸ਼ ਕੁਮਾਰ ਉਰਫ਼ ਲੰਗੜਾ ਪੁੱਤਰ ਰਾਜਾ ਨੰਦ ਰਾਏ ਵਾਸੀ ਪਿੰਡ ਬਾਰਾ ਬਿਸ਼ਨਪੁਰ, ਥਾਣਾ ਰਾਜੇਪੁਰ, ਜ਼ਿਲ੍ਹਾ ਮੋਤੀਹਾਰੀ, ਬਿਹਾਰ ਅਤੇ ਮਨੋਹਰ ਪੁੱਤਰ ਚੋਬੀ ਲਾਲ ਵਾਸੀ ਗੁਰੂ ਨਾਨਕ ਕਲੋਨੀ, ਭਾਖਰਪੁਰ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਗਿਆ। ਇਸ ਤੋਂ ਬਾਅਦ 4 ਨਵੰਬਰ ਨੂੰ ਪੁਲਸ ਨੇ ਮਨੀਸ਼ ਕੁਮਾਰ ਉਰਫ਼ ਲੰਗੜਾ ਨੂੰ ਪਿੰਡ ਤ੍ਰਿਵੇਦੀ ਕੈਂਪ ਦੇ ਮਾਰਕੰਡਾ ਮੰਦਰ ਕੋਲੋਂ ਗ੍ਰਿਫ਼ਤਾਰ ਕਰ ਲਿਆ।
ਪੁਲਸ ਪੁੱਛਗਿੱਛ ਦੌਰਾਨ ਮਨੀਸ਼ ਦੀ ਨਿਸ਼ਾਨਦੇਹੀ 'ਤੇ ਦੋ ਹੋਰ ਮੁਲਜ਼ਮਾਂ ਅਨਿਲ ਕੁਮਾਰ ਵਾਸੀ ਆਜ਼ਮਗੜ੍ਹ, ਯੂ.ਪੀ., ਹਾਲ ਵਾਸੀ ਭਾਖਰਪੁਰ ਅਤੇ ਅਵਨੀਸ਼ ਕੁਮਾਰ ਉਰਫ਼ ਮੁੰਨਾ ਵਾਸੀ ਆਜ਼ਮਗੜ੍ਹ, ਯੂ.ਪੀ., ਹਾਲ ਵਾਸੀ ਝੁੱਗੀਆਂ ਘੱਗਰ ਪੁਲ, ਭਾਖਰਪੁਰ ਨੂੰ ਕੇਸ 'ਚ ਨਾਮਜ਼ਦ ਕੀਤਾ ਗਿਆ। ਲੰਘੀ 5 ਨਵੰਬਰ ਨੂੰ ਪੁਲਸ ਨੇ ਅਨਿਲ ਕੁਮਾਰ ਅਤੇ ਅਵਨੀਸ਼ ਕੁਮਾਰ ਨੂੰ ਵੀ ਘੱਗਰ ਪੁਲ ਭਾਖਰਪੁਰ ਨੇੜਿਓਂ ਗ੍ਰਿਫ਼ਤਾਰ ਕਰ ਲਿਆ।ਪੁਲਸ ਨੇ ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤਾ ਸਾਮਾਨ ਜਿਸ 'ਚ ਲੱਡੂ ਗੋਪਾਲ ਜੀ ਦੀਆਂ 2 ਪਿੱਤਲ ਦੀਆਂ ਮੂਰਤੀਆਂ, 1 ਪਿੱਤਲ ਦਾ ਗਰੂੜ ਭਗਵਾਨ, 1 ਵੱਡੀ ਪਿੱਤਲ ਦੀ ਗਊ ਮਾਤਾ ਤੇ 1 ਛੋਟੀ ਚਾਂਦੀ ਦੀ ਗਊ ਮਾਤਾ ਦੀ ਮੂਰਤੀ, 1 ਵੱਡੀ ਪਿੱਤਲ ਦੀ ਤੇ 1 ਛੋਟੀ ਚਾਂਦੀ ਦੀ ਗਣੇਸ਼ ਜੀ ਦੀ ਮੂਰਤੀ, 1 ਪਿੱਤਲ ਦੀ ਮਾਤਾ ਸ਼ੇਰਾਵਾਲੀ ਦੀ ਮੂਰਤੀ, 1 ਕੁਬੇਰ ਭਗਵਾਨ ਦੀ ਮੂਰਤੀ, 2 ਪਿੱਤਲ ਦੇ ਗਿਲਾਸ, 3 ਪਿੱਤਲ ਦੀਆਂ ਟੱਲੀਆਂ, 2 ਪਿੱਤਲ ਦੀਆਂ ਜੋਤਾਂ, 1 ਚਾਂਦੀ ਦੀ ਜੋਤ ਅਤੇ 1 ਵੱਡਾ ਪਿੱਤਲ ਦਾ ਕੌਲਾ, ਬਰਾਮਦ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਦੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ।
ਪੰਜਾਬ ਦੀ MLA ਦੇ ਘਰ ED ਦੀ ਰੇਡ ਖ਼ਤਮ! ਵਰਕਰਾਂ ਨੇ ਪਟਾਕੇ ਚਲਾ ਕੇ ਮਨਾਇਆ ਜਸ਼ਨ
NEXT STORY