ਪਾਤੜਾਂ (ਅਡਵਾਨੀ) : ਇੱਥੇ ਬੀਤੇ ਦਿਨ ਇਕ ਘਰ 'ਚ ਦਿਨ-ਦਿਹਾੜੇ ਲੱਖਾ ਰੁਪਏ ਦਾ ਸੋਨਾ ਅਤੇ 2 ਲੱਖ ਦੇ ਕਰੀਬ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜੋ ਕਿਸੇ ਫਿਲਮੀ ਡਰਾਮੇ ਤੋਂ ਘੱਟ ਨਹੀਂ ਨਿਕਲਿਆ। ਇਸ ਮਾਮਲੇ ਦੀ ਗੁੱਥੀ ਪਾਤੜਾਂ ਪੁਲਸ ਦੇ ਅਫ਼ਸਰਾਂ ਨੇ ਕੁੱਝ ਘੰਟਿਆਂ 'ਚ ਹੀ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਸਬੰਧੀ ਐਸ. ਐਚ. ਓ. ਰਣਵੀਰ ਸਿੰਘ ਨੇ ਕਿਹਾ ਕਿ ਕੋਈ ਚੋਰੀ ਨਹੀਂ ਹੋਈ, ਸਗੋਂ ਇਹ ਘਰ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਖੇਡਿਆ ਹੋਇਆ ਡਰਾਮਾ ਸੀ, ਜਿਸ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ।
ਇਕੱਠੀ ਕੀਤੀ ਜਾਣਕਾਰੀ ਮੁਤਾਬਕ ਬੀਤੇ ਦਿਨ ਚਨਾਗਰਾ ਰੋਡ 'ਤੇ ਕਰਿਆਨਾ ਦਾ ਵਪਾਰ ਕਰਨ ਵਾਲੇ ਦੇ ਘਰ ਉਸ ਸਮੇਂ ਚੋਰਾਂ ਵੱਲੋ ਚੋਰੀ ਕਰਨ ਦਾ ਡਰਾਮਾ ਰਚਿਆ ਗਿਆ, ਜਦੋਂ ਪਰਿਵਾਰ ਵਿਆਹ 'ਚ ਗਿਆ ਹੋਇਆ ਸੀ। ਇਹ ਡਰਾਮਾ ਰਚਣ ਵਾਲਾ ਉਸ ਸਮੇਂ ਮਾਰ ਖਾ ਗਿਆ, ਜਦੋਂ ਉਸ ਨੇ ਚੋਰੀ ਕਰਦੇ ਸਮੇਂ ਅਸਲੀ ਚਾਬੀਆਂ ਨਾਲ ਘਰ ਦੇ ਸਾਰੇ ਕਮਰਿਆਂ ਦੇ ਤਾਲੇ ਖੋਲ੍ਹੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਚਾਬੀਆਂ ਨੂੰ ਉੱਥੇ ਹੀ ਰੱਖ ਦਿੱਤਾ, ਜਿਸ ਦੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਉਸ ਸਬੂਤ ਨੂੰ ਖਤਮ ਕਰਨ ਉਕਤ ਵਿਅਕਤੀ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਡੀ. ਵੀ ਨਾਲ ਲੈ ਗਿਆ। ਇਸ ਚੋਰੀ ਹੋਣ ਦਾ ਰੌਲਾ-ਰੱਪਾ ਪੈਣ ਕਾਰਨ ਇਲਾਕੇ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਿਸ ਨੂੰ ਦੂਰ ਕਰਨ ਲਈ ਇਸ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਕਰਦੇ ਹੋਏ ਚੋਰੀ ਨੂੰ ਟਰੇਸ ਕਰਨ ਲਈ ਪਟਿਆਲਾ ਤੋਂ ਫਿੰਗਰ ਪ੍ਰਿੰਟ ਦੀ ਮਾਹਿਰ ਟੀਮ ਨੂੰ ਬੁਲਾਇਆ ਗਿਆ, ਜਿਸ ਨੂੰ ਦੇਖ ਕੇ ਪਰਿਵਾਰ ਦੇ ਲੋਕ ਪੁਲਸ ਕੋਲ ਚੋਰੀ ਕਿੰਨੀ ਹੋਈ ਹੈ, ਦੇ ਬਿਆਨ ਵਾਰ-ਵਾਰ ਬਦਲਣ ਲੱਗੇ। ਜਦੋਂ ਸਿਟੀ ਇੰਚਾਰਜ ਵੀਰਬਲ ਸ਼ਰਮਾ ਨੇ ਮਾਮਲਾ ਦਰਜ ਕਰਨ ਲਈ ਲਿਖ਼ਤੀ ਬਿਆਨ ਦੇਣ ਲਈ ਕਿਹਾ ਤਾਂ ਪਰਿਵਾਰ ਦੇ ਲੋਕ ਆਪਣਾ ਬਿਆਨ ਦੇਣ ਤੋਂ ਮੁੱਕਰਦੇ ਨਜ਼ਰ ਆਏ ਅਤੇ ਸ਼ਹਿਰ ਦੇ ਮੋਹਤਬਰ ਆਗੂਆਂ ਨੂੰ ਨਾਲ ਲੈ ਕੇ ਇਹ ਮਾਮਲਾ ਰਫ਼ਾ-ਦਫ਼ਾ ਕਰਨ ਦਾ ਦਬਾਅ ਬਣਾਉਂਦੇ ਦੇਖੇ ਗਏ, ਜਿਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਇਸ ਪਰਿਵਾਰ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਚੋਰੀ ਕਰਨ ਦਾ ਫਿਲਮੀ ਡਰਾਮਾ ਖੇਡਿਆ ਗਿਆ ਹੈ।
ਇਸ ਮਾਮਲੇ ਸਬੰਧੀ ਜਦੋਂ ਐਸ. ਐਚ. ਓ. ਰਣਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕੋਈ ਚੋਰੀ ਨਹੀਂ ਹੋਈ, ਸਗੋਂ ਘਰ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਇਹ ਸਾਰਾ ਡਰਾਮਾ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਸ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ 'ਤੇ ਜੋ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ।
ਸਿੱਖਿਆ ਮਹਿਕਮੇ ਨੇ ਦਰਜਾ ਚਾਰ ਤੋਂ ਕਲਰਕਾਂ ਦੀ ਪਦ-ਉੱਨਤੀ ਲਈ ਟਾਈਪ ਟੈਸਟ ਦਾ ਨਤੀਜਾ ਐਲਾਨਿਆ
NEXT STORY