ਜਲੰਧਰ (ਧਵਨ) - ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵੱਲੋਂ ਇਕ ਆਈ. ਏ. ਐੱਸ. ਅਧਿਕਾਰੀ ਦੀ ਪੁੱਤਰੀ ਨਾਲ ਛੇੜਖਾਨੀ ਅਤੇ ਉਸ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਕਾਰਨ ਬਰਾਲਾ ਨੂੰ ਪ੍ਰੇਸ਼ਾਨੀ ਭਰੇ ਹਾਲਾਤ ਦਾ ਸਾਹਮਣਾ ਤਾਂ ਕਰਨਾ ਹੀ ਪਿਆ ਪਰ ਉਨ੍ਹਾਂ ਦੇ ਕਈ ਹੋਰ ਨੇੜਲੇ ਸੰਬੰਧੀਆਂ ਦੇ ਬੱਚੇ ਵੀ ਉਨ੍ਹਾਂ ਲਈ ਮੁਸੀਬਤਾਂ ਪੈਦਾ ਕਰਦੇ ਰਹੇ ਹਨ।
7 ਮਈ ਨੂੰ ਵਿਕਰਮ ਬਰਾਲਾ ਉਰਫ ਵਿੱਕੀ ਜੋ ਕਿ ਬਰਾਲਾ ਦੇ ਵੱਡੇ ਭਰਾ ਦਾ ਪੋਤਾ ਹੈ, ਵਿਰੁੱਧ ਫਤਿਹਾਬਾਦ ਜ਼ਿਲੇ ਦੇ ਬਦਹਈ ਖੇੜਾ ਪਿੰਡ 'ਚ ਇਕ ਨਾਬਾਲਿਗ ਲੜਕੀ ਦੇ ਅਗਵਾ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। ਇਹ ਪਿੰਡ ਭਾਜਪਾ ਦੇ ਸੂਬਾ ਪ੍ਰਧਾਨ ਬਰਾਲਾ ਦਾ ਜੱਦੀ ਪਿੰਡ ਹੈ। ਘਟਨਾ ਅਨੁਸਾਰ ਨਾਬਾਲਿਗ ਲੜਕੀ ਰਾਤ 8 ਵਜੇ ਪਿੰਡ ਦੇ ਮੰਦਿਰ 'ਚ ਪੂਜਾ ਕਰਨ ਲਈ ਘਰੋਂ ਗਈ ਸੀ। ਵਿੱਕੀ ਨੇ ਕਥਿਤ ਤੌਰ 'ਤੇ ਉਸ ਨੂੰ ਅਗਵਾ ਕੀਤਾ। ਪਿੰਡ ਵਾਸੀਆਂ ਨੇ ਉਦੋਂ ਹਿਸਾਰ-ਚੰਡੀਗੜ੍ਹ ਸੜਕ 'ਤੇ ਟ੍ਰੈਫਿਕ ਜਾਮ ਕੀਤਾ। ਅਗਲੇ ਦਿਨ ਨਾਬਾਲਿਗ ਲੜਕੀ ਬਰਾਮਦ ਹੋਈ। ਵਿੱਕੀ ਪਿੰਡ ਦੇ ਬਾਹਰੀ ਖੇਤਰ 'ਚ ਲੁਕ ਗਿਆ ਸੀ ਤੇ ਉਥੋਂ ਫਰਾਰ ਹੋ ਗਿਆ ਸੀ।
ਪਿੰਡ ਵਾਸੀਆਂ ਨੇ 8 ਮਈ ਨੂੰ ਮੁੜ ਸੜਕ 'ਤੇ ਆਵਾਜਾਈ ਜਾਮ ਕੀਤੀ। ਪੁਲਸ ਨੇ ਉਨ੍ਹਾਂ ਨੂੰ ਦੱਸਿਆ ਕਿ ਲੜਕੀ ਨੂੰ ਕਰਨਾਲ ਦੇ ਨਾਰੀ ਨਿਕੇਤਨ 'ਚ ਅਦਾਲਤ ਦੇ ਹੁਕਮਾਂ 'ਤੇ ਭੇਜ ਦਿੱਤਾ ਗਿਆ ਹੈ। ਪੁਲਸ ਨੇ ਕਿਹਾ ਕਿ ਲੜਕੀ ਨੇ ਅਦਾਲਤ ਦੇ ਸਾਹਮਣੇ ਬਿਆਨ ਦਿੱਤਾ ਹੈ ਕਿ ਉਹ ਆਪਣੀ ਇੱਛਾ ਅਨੁਸਾਰ ਗਈ ਸੀ। ਉਹ ਆਪਣੇ ਮਾਂ-ਬਾਪ ਦੇ ਘਰ ਨਹੀਂ ਜਾਣਾ ਚਾਹੁੰਦੀ ਪਰ ਜਿਸ ਤਰ੍ਹਾਂ ਪੁਲਸ ਨੇ ਲੜਕੀ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਬਾਅਦ 'ਚ ਕਰਨਾਲ ਭੇਜ ਦਿੱਤਾ, ਉਸ ਕਾਰਨ ਹਰਿਆਣਾ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਜ਼ਰੂਰ ਸਵਾਲ ਖੜ੍ਹੇ ਹੋ ਗਏ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪੁਲਸ ਬਰਾਲਾ ਦੇ ਪ੍ਰਭਾਵ ਅਧੀਨ ਵਿਕਰਮ ਨੂੰ ਬਚਾ ਰਹੀ ਸੀ। ਬਰਾਲਾ ਨੇ ਵਿਕਰਮ ਤੋਂ ਇਹ ਕਹਿ ਕੇ ਦੂਰੀ ਬਣਾ ਲਈ ਕਿ ਉਹ ਉਨ੍ਹਾਂ ਦਾ ਦੂਰ ਦਾ ਸਬੰਧੀ ਹੈ। ਬਾਅਦ 'ਚ ਪੁਲਸ ਨੇ ਉਲਟਾ ਰਾਸ਼ਟਰੀ ਹਾਈਵੇ ਨੂੰ ਬਲਾਕ ਕਰਨ ਦੇ ਦੋਸ਼ 'ਚ ਕਈ ਪਿੰਡ ਵਾਲਿਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਦਿੱਤੀ।
ਪਿਛਲੇ ਮਹੀਨੇ ਬਰਾਲਾ ਲਈ ਮੁਸ਼ਕਲਾਂ ਫਿਰ ਤੋਂ ਪੈਦਾ ਹੋ ਗਈਆਂ ਸਨ। ਵਿਕਰਮ ਬਰਾਲਾ ਇਕ ਨੌਜਵਾਨ ਨੂੰ ਆਪਣੀ ਕਾਰ ਦੀ ਡਿੱਗੀ 'ਚ ਬੰਦ ਕਰ ਕੇ ਜਬਰੀ ਲਿਜਾ ਰਿਹਾ ਸੀ। ਉਸ ਨਾਲ ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ ਸੀ। ਟੋਹਾਨਾ ਪੁਲਸ ਥਾਣੇ ਦੇ ਐੱਸ. ਐੱਚ. ਓ. ਪ੍ਰਦੀਪ ਕੁਮਾਰ ਨੇ ਵਿੱਕੀ ਵਿਰੁੱਧ ਸੈਕਸ਼ਨ 323, 506 ਅਤੇ 427 ਆਈ. ਪੀ. ਸੀ. ਦੇ ਤਹਿਤ 20 ਦਿਨ ਪਹਿਲਾਂ ਮਾਮਲਾ ਦਰਜ ਕੀਤਾ ਸੀ ਪਰ ਅਜੇ ਵੀ ਪੁਲਸ ਨੇ ਵਿੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਨਾਬਾਲਿਗ ਲੜਕੀ ਦੇ ਕਥਿਤ ਤੌਰ 'ਤੇ ਅਗਵਾ ਕਰਨ ਦੇ ਮਾਮਲੇ 'ਚ ਐੱਚ. ਐੱਸ. ਓ. ਨੇ ਕਿਹਾ ਕਿ ਐੱਫ. ਆਈ. ਆਰ. 'ਚ ਅਜੇ ਵੀ ਵਿੱਕੀ ਦਾ ਨਾਂ ਸ਼ਾਮਲ ਹੈ।
ਹਰਿਆਣਾ ਸਰਕਾਰ ਤੇ ਭਾਜਪਾ ਬਰਾਲਾ ਦੇ ਬੇਟੇ ਨੂੰ ਬਚਾਉਣ ਦੇ ਯਤਨ 'ਚ
NEXT STORY