ਲੁਧਿਆਣਾ, (ਖੁਰਾਣਾ)- ਨਗਰ ਨਿਗਮ ਚੋਣਾਂ ਕਾਰਨ ਲਟਕੀ ਨੀਲੇ ਕਾਰਡਧਾਰਕ ਪਰਿਵਾਰਾਂ ਨੂੰ ਆਟਾ-ਦਾਲ ਯੋਜਨਾ ਤਹਿਤ ਮਿਲਣ ਵਾਲੀ ਕਣਕ ਸੀਮਤ ਸਮੇਂ ਵਿਚ ਜ਼ਿਲੇ ਦੇ ਕਰੀਬ ਸਾਢੇ 4 ਲੱਖ ਪਰਿਵਾਰਾਂ ਦੇ 16 ਲੱਖ ਲਾਭਪਾਤਰਾਂ ਤੱਕ ਪਹੁੰਚਾਉਣਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਲਈ ਚੁਣੌਤੀ ਭਰਿਆ ਕੰਮ ਹੋਵੇਗਾ, ਕਿਉਂਕਿ ਸਰਕਾਰੀ ਹੁਕਮਾਂ ਮੁਤਾਬਕ 6 ਮਹੀਨੇ (ਅਕਤੂਬਰ 2017 ਤੋਂ ਮਾਰਚ 2018) ਤੱਕ ਦੀ ਕਣਕ ਉਕਤ ਪਰਿਵਾਰਾਂ ਤੱਕ ਹਰ ਹਾਲ ਵਿਚ 31 ਮਾਰਚ ਤੱਕ ਪਹੁੰਚਾਉਣ ਦਾ ਟੀਚਾ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਘੱਟ ਸਮੇਂ ਵਿਚ ਵਿਭਾਗੀ ਅਧਿਕਾਰੀ, ਮੁਲਾਜ਼ਮ ਇਸ ਨਿਸ਼ਾਨੇ ਨੂੰ ਕਿਵੇਂ ਪੂਰਾ ਸਕਣਗੇ। ਨਾਲ ਹੀ ਕਣਕ ਵੰਡ ਨੂੰ ਲੈ ਕੇ ਡਿਪੂ ਮਾਲਕਾਂ ਦੇ ਨਾਲ ਚੱਲ ਰਿਹਾ ਛੱਤੀ ਦਾ ਅੰਕੜਾ ਵੀ ਵਿਭਾਗ ਲਈ ਦੋਹਰੀ ਮਾਰ ਸਾਬਤ ਹੋ ਸਕਦਾ ਹੈ, ਕਿਉਂਕਿ ਡਿਪੂ ਮਾਲਕਾਂ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਨੇ ਕਣਕ ਵੰਡ ਯੋਜਨਾ ਦੇ ਬਾਈਕਾਟ ਦਾ ਐਲਾਨ ਵੀ ਕਰ ਰੱਖਿਆ ਹੈ, ਨਾਲ ਹੀ ਦੂਜੇ ਪਾਸੇ ਇਸ ਵਾਰ ਕਣਕ ਵੰਡ ਦੇ ਕੰਮ 'ਚ ਜਲਦਬਾਜ਼ੀ ਦੀ ਆੜ ਵਿਚ ਵੱਡੇ ਪੱਧਰ 'ਤੇ ਕਾਲਾਬਾਜ਼ਾਰੀ ਦੀ ਵੀ ਸੰਭਾਵਨਾ ਬਣੀ ਹੋਈ ਹੈ, ਜਿਸ ਨੂੰ ਵਿਭਾਗ ਦੇ ਉੱਚ ਅਧਿਕਾਰੀ ਵੀ ਕੁੱਝ ਹੱਦ ਤੱਕ ਮੰਨਦੇ ਦਿਖਾਈ ਦਿੰਦੇ ਹਨ। ਉਨ੍ਹਾਂ ਮੁਤਾਬਕ ਵਿਭਾਗੀ ਕਰਮਚਾਰੀ ਅਤੇ ਡਿਪੂ ਮਾਲਕ ਗੰਢਤੁੱਪ ਕਰ ਕੇ ਕੁੱਝ ਇਲਾਕਿਆਂ 'ਚ ਕਣਕ ਦੀ ਕਾਲਾਬਾਜ਼ਾਰੀ ਦੀ ਖੇਡ ਖੇਡ ਸਕਦੇ ਹਨ।
ਇਥੇ ਦੱਸਣਾ ਜ਼ਰੂਰੀ ਰਹੇਗਾ ਕਿ ਲੁਧਿਆਣਾ ਵਿਚ 24 ਫਰਵਰੀ ਨੂੰ ਹੋਈਆਂ ਨਗਰ ਨਿਗਮ ਚੋਣਾਂ ਲਈ 1 ਫਰਵਰੀ ਤੋਂ ਲਾਗੂ ਹੋਏ ਚੋਣ ਜ਼ਾਬਤੇ ਕਾਰਨ ਵਿਭਾਗੀ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਦੇ ਝਮੇਲੇ ਵਿਚ ਨਾ ਪੈਣ ਕਾਰਨ ਐੱਸ. ਐੱਫ. ਐੱਸ. ਏ. ਤਹਿਤ ਲਾਭਪਾਤਰਾਂ ਨੂੰ ਕਣਕ ਵੰਡਣ ਦਾ ਕੰਮ ਬੰਦ ਕਰ ਦਿੱਤਾ ਸੀ, ਜੋ ਕਿ 27 ਫਰਵਰੀ ਨੂੰ ਆਏ ਚੋਣ ਨਤੀਜਿਆਂ ਤੋਂ ਬਾਅਦ ਫਿਰ ਰਫਤਾਰ ਫੜ ਲਵੇਗਾ।
ਵਿਭਾਗੀ ਕੰਟ੍ਰੋਲਰਾਂ ਨੂੰ ਜਾਰੀ ਕੀਤੇ ਨਿਰਦੇਸ਼
ਵਿਭਾਗੀ ਕੰਟ੍ਰੋਲਰ ਸੁਰਿੰਦਰ ਕੁਮਾਰ ਬੇਰੀ ਨੇ ਅੱਜ ਇਸ ਸਬੰਧ 'ਚ ਸਬੰਧਤ ਇੰਸਪੈਕਟਰਾਂ ਅਤੇ ਏ. ਐੱਫ. ਐੱਸ. ਓਜ਼. ਨੂੰ ਨਿਰਦੇਸ਼ ਜਾਰੀ ਕਰ ਕੇ 31 ਮਾਰਚ ਤੱਕ ਕਾਰਡਧਾਰਕਾਂ ਨੂੰ ਕਣਕ ਦੇਣ ਨੂੰ ਕਿਹਾ ਹੈ। ਇਕ ਸਵਾਲ ਦੇ ਜਵਾਬ 'ਚ ਕੰਟ੍ਰੋਲਰ ਬੇਰੀ ਨੇ ਕਿਹਾ ਕਿ ਉਨ੍ਹਾਂ ਨੇ ਹਰ ਕਰਮਚਾਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਣਕ ਦੀ ਕਾਲਾਬਾਜ਼ਾਰੀ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੀ ਗਲਤੀ ਕਰਨ ਵਾਲੇ ਖਿਲਾਫ ਪੁਲਸ 'ਚ ਪਰਚਾ ਦਰਜ ਕਰਵਾਉਣ ਦੇ ਨਾਲ-ਨਾਲ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।
ਸਾਢੇ 4 ਲੱਖ ਕੁਇੰਟਲ ਕਣਕ ਦੀ ਹੋਈ ਵੰਡ
ਵਿਭਾਗ ਨੂੰ ਇਸ ਵਾਰ ਸਰਕਾਰ ਵੱਲੋਂ ਸਾਢੇ 4 ਲੱਖ ਪਰਿਵਾਰਾਂ 'ਚ ਵੰਡੀ ਜਾਣ ਵਾਲੀ ਕਰੀਬ ਸਾਢੇ 4 ਲੱਖ ਕੁਇੰਟਲ ਕਣਕ ਜਾਰੀ ਕੀਤੀ ਗਈ ਹੈ। ਇਸ ਵਿਚੋਂ ਹਰ ਵਿਅਕਤੀ ਦੇ ਹਿੱਸੇ 30 ਕਿਲੋ ਕਣਕ ਆਵੇਗੀ ਮਤਲਬ ਕਈ ਪਰਿਵਾਰਾਂ ਵਿਚ 5 ਮੈਂਬਰ ਦਰਜ ਹਨ, ਜਿਨ੍ਹਾਂ ਨੂੰ ਡੇਢ ਕੁਇੰਟਲ ਕਣਕ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗੀ।
ਚੂਰਾ-ਪੋਸਤ ਪਾਏ ਜਾਣ 'ਤੇ ਦੋਸ਼ੀ ਨੂੰ 10 ਸਾਲ ਦੀ ਕੈਦ
NEXT STORY