ਭਵਾਨੀਗੜ੍ਹ (ਕਾਂਸਲ)– ਕੈਸ਼ਲੈੱਸ ਨੀਤੀ ਦੇ ਵਿਰੋਧ ’ਚ ਅੱਜ ਕਾਲਾਝਾੜ ਟੋਲ ਪਲਾਜ਼ਾ ’ਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਧਰਨਾ ਦਿੱਤਾ ਗਿਆ। ਇਸ ਦੌਰਾਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਫਰੀ ਕਰ ਦਿੱਤਾ ਗਿਆ, ਜਿਸ ਕਾਰਨ ਵਾਹਨ ਬਿਨਾਂ ਕਿਸੇ ਟੈਕਸ ਦੇ ਲੰਘਦੇ ਰਹੇ।
ਧਰਨਾਕਾਰੀਆਂ ਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਭੱਟੀਵਾਲ ਨੇ ਕਿਹਾ ਕਿ ਕੈਸ਼ਲੈੱਸ ਪ੍ਰਣਾਲੀ ਲਾਗੂ ਹੋਣ ਨਾਲ ਟੋਲ ਪਲਾਜ਼ਿਆਂ ’ਤੇ ਕੈਸ਼ ਕਾਊਂਟਰ ਬੰਦ ਹੋ ਜਾਣਗੇ, ਜਿਸ ਨਾਲ ਇੱਥੇ ਕੰਮ ਕਰ ਰਹੇ ਲਗਭਗ 150 ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੈਸ਼ਲੈੱਸ ਪ੍ਰਣਾਲੀ ਲਾਗੂ ਹੋਣ ਨਾਲ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਿਨ੍ਹਾਂ ਵਾਹਨਾਂ ’ਤੇ ਫਾਸਟੈਗ ਨਹੀਂ ਲੱਗੇ ਹੋਣਗੇ, ਉਹਨਾਂ ਲਈ ਟੋਲ ਪਲਾਜ਼ਾ ਤੋਂ ਲੰਘਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਇਲਾਵਾ ਕਾਲਾਝਾੜ, ਰਾਜਪੁਰਾ, ਮਸਾਣੀ, ਚੰਨੋ ਅਤੇ ਨਦਾਮਪੁਰ ਵਰਗੇ ਨੇੜਲੇ ਪਿੰਡਾਂ ਨੂੰ ਮਿਲ ਰਹੀਆਂ ਫਰੀ ਸਹੂਲਤਾਂ ਵੀ ਖਤਮ ਹੋਣ ਦਾ ਖਤਰਾ ਬਣ ਗਿਆ ਹੈ।
ਧਰਨੇ ਦੌਰਾਨ ਇਹ ਵੀ ਕਿਹਾ ਗਿਆ ਕਿ ਭਵਿੱਖ ’ਚ ਸਿਰਫ ਫੌਜੀ ਵਾਹਨ, ਐਂਬੂਲੈਂਸ ਜਾਂ ਦੇਸ਼ ਦੇ ਉੱਚ ਅਹੁਦੇਦਾਰਾਂ ਦੀਆਂ ਗੱਡੀਆਂ ਹੀ ਫਰੀ ਲੰਘ ਸਕਣਗੀਆਂ, ਜਦਕਿ ਆਮ ਲੋਕਾਂ ਲਈ ਫਾਸਟੈਗ ਲਾਜ਼ਮੀ ਹੋ ਜਾਵੇਗਾ। ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ।
ਸੜਕ ਹਾਦਸੇ 'ਚ ਕੁੜੀ ਦੀ ਮੌਤ, ਦੋਸ਼ੀ ਮੌਕੇ ਤੋਂ ਭੱਜਣ 'ਚ ਕਾਮਯਾਬ
NEXT STORY