ਸਮਰਾਲਾ (ਸੰਜੇ ਗਰਗ): 26 ਜਨਵਰੀ ਨੂੰ ਦਿੱਲੀ ਵਿਖੇ ਆਯੋਜਿਤ ਕੀਤੀ ਜਾਣ ਵਾਲੀ ਇਤਿਹਾਸਕ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਪੰਜਾਬ ਦੇ ਕਿਸਾਨਾਂ ’ਚ ਭਾਰੀ ਜਨੂੰਨ ਹੈ ਅਤੇ ਤਿੰਨ ਦਿਨ ਪਹਿਲਾ ਹੀ ਸ਼ਨੀਵਾਰ ਨੂੰ ਹੀ ਪਿੰਡਾਂ ਵਿੱਚੋਂ ਟਰੈਕਟਰਾਂ ਦੇ ਵੱਡੇ-ਵੱਡੇ ਕਾਫਲੇ ਦਿੱਲੀ ਲਈ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਗਣਤੰਤਰ ਦਿਵਸ ਮੌਕੇ ਖੇਤੀਬਾੜੀ ਬਿੱਲ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਇਸ ਪਰੇਡ ਵਿੱਚ ਇੱਕਲੇ ਪੰਜਾਬ ਵਿੱਚੋਂ ਹੀ ਕਰੀਬ 1 ਲੱਖ ਟਰੈਕਟਰ ਸ਼ਾਮਲ ਹੋਣ ਦੀ ਉਮੀਦ ਹੈ।
ਇਸ ਟਰੈਕਟਰ ਪੇਰਡ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਅੰਦਰ ਇਸ ਕਦਰ ਉਤਸ਼ਾਹ ਅਤੇ ਜਨੂੰਨ ਭਰਿਆ ਹੋਇਆ ਹੈ, ਕਿ ਅੱਜ ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ ਤੋਂ ਪਰੇਡ ’ਚ ਸ਼ਾਮਲ ਹੋਣ ਲਈ ਰਵਾਨਾ ਹੋਏ 200 ਟਰੈਕਟਰਾਂ ਦੇ ਕਾਫਲੇ ਵਿੱਚ ਇੱਕ ਅਜਿਹਾ ਕਿਸਾਨ ਵੀ ਸ਼ਾਮਲ ਸੀ, ਜੋ ਆਪਣੇ ਪੰਜ ਮਹੀਨੇ ਦੇ ਬੱਚੇ ਨੂੰ ਗੋਦ ਵਿੱਚ ਲੈ ਕੇ ਟਰੈਕਟਰ ਚਲਾਉਂਦਾ ਹੋਇਆ ਦਿੱਲੀ ਲਈ ਰਵਾਨਾ ਹੋਇਆ। ਪਿੰਡ ਰੋਹਲੇ ਨਿਵਾਸੀ ਇਸ ਕਿਸਾਨ ਪਰਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਟਰੈਕਟਰ ਪਰੇਡ ਬਹੁਤ ਹੀ ਇਤਿਹਾਸਕ ਸਾਬਤ ਹੋਣ ਵਾਲੀ ਹੈ ਅਤੇ ਕਿਸਾਨ ਆਪਣੇ ਹੱਕ ਲੈਣ ਲਈ ਅੱਜ ਜਾਗ ਪਿਆ ਹੈ ਅਤੇ ਉਹ ਵੀ ਆਪਣੇ ਮਾਸੂਮ ਪੁੱਤ ਨੂੰ ਇਸ ਲਈ ਨਾਲ ਲੈ ਕੇ ਜਾ ਰਿਹਾ ਹੈ, ਤਾਕਿ ਦਿੱਲੀ ਜਾਕੇ ਉਹ ਸੰਘਰਸ਼ ਦਾ ਹਿੱਸਾ ਬਣਦੇ ਹੋਏ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਚੁੱਕ ਸਕੇ। ਇਸ ਤੋਂ ਇਲਾਵਾ ਇਸ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਅੱਜ ਰਵਾਨਾ ਹੋਏ ਹੋਰ ਵੀ ਬਹੁਤ ਸਾਰੇ ਕਿਸਾਨਾਂ ਨਾਲ ਉਨਾਂ ਦੇ ਪੁੱਤਰ ਵੀ ਨਾਲ ਗਏ ਹਨ। ਇਨਾਂ ਬੱਚਿਆਂ ਵਿੱਚ ਸ਼ਾਮਲ 13 ਸਾਲ ਦੇ ਮਾਨਵੀਰ ਸਿੰਘ ਨੇ ਦੱਸਿਆ ਕਿ ਉਹ ਇਸ ਲੜਾਈ ’ਚ ਸਾਥ ਦੇਣ ਲਈ ਆਪਣੇ ਪਾਪਾ ਦੇ ਨਾਲ ਦਿੱਲੀ ਜਾ ਰਿਹਾ ਹੈ ਅਤੇ ਕਾਨੂੰਨ ਰੱਦ ਹੋਣ ਤੱਕ ਉਹ ਵਾਪਸ ਨਹੀਂ ਪਰਤੇਗਾ।
ਇਥੇ ਜਿਕਰਯੋਗ ਹੈ, ਕਿ ਅੱਜ ਇਥੋਂ 200 ਟਰੈਕਟਰਾਂ ਦੇ ਕਾਫ਼ਲੇ ਦੇ ਰਵਾਨਾ ਹੋਣ ਤੋਂ ਪਹਿਲਾ ਕਿਸਾਨ ਅੰਦੋਲਨ ਦੀ ਜਿੱਤ ਅਤੇ ਅੰਦੋਲਨ ਵਿੱਚ ਸ਼ਾਮਲ ਸਾਰੇ ਕਿਸਾਨਾਂ ਦੀ ਸਲਾਮਤੀ ਲਈ ਅਰਦਾਸ ਕੀਤੀ ਗਈ। ਇਸ ਮਗਰੋਂ ਇਹ ਕਾਫਲਾ ਦਿੱਲੀ ਲਈ ਰਵਾਨਾ ਹੋਇਆ, ਜੋਕਿ ਸਿੱਧਾ ਸਿੱਧੂ ਬਾਰਡਰ ’ਤੇ ਜਾਕੇ ਰੁਕੇਗਾ। ਇਸ ਮੌਕੇ ਕਿਸਾਨ ਆਗੂਆਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀ ਉੱਘੀ ਗਾਇਕਾ ਸਤਿੰਦਰ ਕੌਰ ਬਿੱਟੀ ਅਤੇ ਗਾਇਕ ਜੱਸ ਬਾਜਵਾ ਨੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਏ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਆਖਿਆ ਉਹ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਲਈ ਲੜੀ ਜਾ ਰਹੀ ਇਸ ਲੜਾਈ ਦੇ ਮਹਾਨ ਯੋਧੇ ਹਨ ਅਤੇ ਪੂਰਾ ਪੰਜਾਬ ਉਨਾਂ ਦੀ ਪਿੱਠ ਉੱਤੇ ਖੜਾ ਹੈ।
ਮੁੱਖ ਮੰਤਰੀ ਨੇ ਮਹਿਲਾ ਸਸ਼ਕਤੀਕਰਨ ਲਈ ਚੁੱਕੇ ਅਹਿਮ ਕਦਮ : ਪਰਨੀਤ ਕੌਰ
NEXT STORY